ਨਵੀਂ ਦਿੱਲੀ : ਕਾਂਗਰਸ ਨੇ ਸ਼ਨੀਵਾਰ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ ਆਈ ਟੀ) ਦੇ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ, ਜਿਸ ‘ਚ ਦੋਸ਼ ਲਾਇਆ ਗਿਆ ਕਿ ਸਿਆਸੀ ਰੂਪ ‘ਚ ਤੀਸਤਾ ਸੀਤਲਵਾੜ, ਰਿਟਾਇਰਡ ਡੀ ਜੀ ਪੀ ਸ੍ਰੀਕੁਮਾਰ ਅਤੇ ਸਾਬਕਾ ਆਈ ਪੀ ਐੱਸ ਅਧਿਕਾਰੀ ਸੰਜੀਵ ਭੱਟ ਨੇ ਅਹਿਮਦ ਪਟੇਲ ਦੇ ਇਸ਼ਾਰੇ ‘ਤੇ ਗੁਜਰਾਤ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚੀ | ਦੋਸ਼ ਉਸ ਸਮੇਂ ਦੇ ਹਨ, ਜਦ ਅਹਿਮਦ ਪਟੇਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਲਾਹਕਾਰ ਸਨ | ਕਾਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ, ‘ਦੋਸ਼ ਮੈਨੂਫੈਕਚਰਡ ਹਨ |’ ਉਨ੍ਹਾ ਕਿਹਾ—ਇਹ 2002 ‘ਚ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ‘ਚ ਕੀਤੇ ਗਏ ਸੰਪਰਦਾਇਕ ਕਤਲੇਆਮ ਲਈ ਖੁਦ ਨੂੰ ਕਿਸੇ ਵੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਲਈ ਪ੍ਰਧਾਨ ਮੰਤਰੀ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ | ਇਸ ਮਾਮਲੇ ‘ਚ ਅਹਿਮਦ ਪਟੇਲ ਦੀ ਪੁੱਤਰੀ ਮੁਮਤਾਜ ਪਟੇਲ ਨੇ ਕਿਹਾ—2012 ਦੀਆਂ ਚੋਣਾਂ ‘ਚ ਅਹਿਮਦ ਮੀਆਂ ਪਟੇਲ ਕਹਿ ਕੇ ਮੇਰੇ ਪਿਤਾ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਦੱਸ ਰਹੇ ਸਨ, 2017 ‘ਚ ਹਸਪਤਾਲ ‘ਚ ਇੱਕ ਅੱਤਵਾਦੀ ਦਾ ਮੁੱਦਾ ਉਡਾਇਆ, ਚੋਣਾਂ ਤੋਂ ਬਾਅਦ ਉਹ ਕਿੱਥੇ ਗਏ? ਹੁਣ 2022 ਗੁਜਰਾਤ ਚੋਣਾਂ ਹਨ ਤਾਂ ਹੁਣ ਫਿਰ ਬੇਵਜ੍ਹਾ ਸਿਆਸਤ ‘ਚ ਮੇਰੇ ਪਿਤਾ ਦਾ ਨਾਂਅ ਉਡਾਇਆ ਜਾ ਰਿਹਾ ਹੈ, ਸ਼ਾਇਦ ਉਨ੍ਹਾ ਦਾ ਨਾਂਅ 2027 ‘ਚ ਵੀ ਉਠਾਇਆ ਜਾਵੇ |