9.8 C
Jalandhar
Sunday, December 22, 2024
spot_img

ਮੁੰਬਈ ਦੀ ਬੰਦਰਗਾਹ ਤੋਂ 73 ਕਿਲੋ ਹੈਰੋਇਨ ਬਰਾਮਦ

ਚੰਡੀਗੜ੍ਹ (ਗੁਰਜੀਤ ਬਿੱਲਾ) -ਨਸ਼ਿਆਂ ਵਿਰੁੱਧ ਜਾਰੀ ਜੰਗ ਦੌਰਾਨ ਪੰਜਾਬ ਪੁਲਸ ਨੇ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁੰਬਈ ਦੇ ਨਾਹਵਾ ਸ਼ੇਵਾ ਬੰਦਰਗਾਹ ਵਿਖੇ ਇੱਕ ਕੰਟੇਨਰ ਤੋਂ ਲੱਗਭੱਗ 73 ਕਿਲੋਗ੍ਰਾਮ ਹੈਰੋਇਨ ਦੀ ਇੱਕ ਹੋਰ ਵੱਡੀ ਖੇਪ ਬਰਾਮਦ ਕੀਤੀ ਗਈ ਹੈ | ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਯੂਏਈ ਤੋਂ ਹੈਰੋਇਨ ਦੀ ਤਸਕਰੀ ਸਬੰਧੀ ਮਿਲੀ ਖੁਫੀਆ ਜਾਣਕਾਰੀ ਮਿਲਣ ਉਪਰੰਤ ਪੰਜਾਬ ਪੁਲਸ ਅਤੇ ਮਹਾਰਾਸ਼ਟਰ ਪੁਲਸ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਕਾਰਵਾਈ ਕੀਤੀ ਗਈ | ਪੰਜਾਬ ਪੁਲਸ ਵੱਲੋਂ ਇਹ ਵੱਡੀ ਖੇਪ ਗੁਜਰਾਤ ਦੇ ਮੁੰਦਰਾ ਬੰਦਰਗਾਹ ‘ਤੇ ਇੱਕ ਕੰਟੇਨਰ ਤੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਦੇ 72 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਬਰਾਮਦ ਕੀਤੀ ਗਈ ਹੈ | ਇਸ ਬਰਾਮਦਗੀ ਨਾਲ ਪੰਜਾਬ ਪੁਲਸ ਨੇ ਤਿੰਨ ਦਿਨਾਂ ਅੰਦਰ ਕੁੱਲ 148 ਕਿਲੋ ਹੈਰੋਇਨ ਬਰਾਮਦ ਕੀਤੀ ਹੈ |
ਡੀ ਜੀ ਪੀ ਨੇ ਕਿਹਾ ਕਿ ਦਿੱਲੀ ਅਧਾਰਤ ਦਰਾਮਦਕਾਰ ‘ਨੰਦਨੀ ਟਰੇਡਰਜ਼’ ਵੱਲੋਂ ਦਰਾਮਦ ਕੀਤੇ ਗਏ ਚਿੱਟੇ ਸੰਗਮਰਮਰ ਦੀਆਂ ਟਾਈਲਾਂ ਵਾਲੇ ਕੰਟੇਨਰ ਦੇ ਦਰਵਾਜ਼ੇ ਦੇ ਬਾਰਡਰ ਵਿੱਚ ਨਸ਼ੀਲੇ ਪਦਾਰਥਾਂ ਨੂੰ ਛੁਪਾ ਕੇ ਰੱਖਿਆ ਗਿਆ ਸੀ | ਇਸ ਨਸ਼ੀਲੇ ਪਦਾਰਥ ਨੂੰ ਛੁਪਾਉਣ ਉਪਰੰਤ ਮੁਲਜ਼ਮਾਂ ਨੇ ਦਰਵਾਜ਼ੇ ਦੀ ਬਾਰਡਰ ਨੂੰ ਬੜੀ ਸਾਵਧਾਨੀ ਨਾਲ ਵੇਲਡ ਕਰਕੇ ਇਸ ਨੂੰ ਦੁਬਾਰਾ ਪੇਂਟ ਕੀਤਾ |
ਗੌਰਵ ਯਾਦਵ ਨੇ ਇਸ ਬਰਾਮਦਗੀ ਨੂੰ ਪੰਜਾਬ ਪੁਲਸ ਦੀ ਇੱਕ ਹੋਰ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਬਰਾਮਦਗੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੀ ਨਿਰੰਤਰਤਾ ਵਿੱਚ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਜੰਗ ਜਾਰੀ ਰਹੇਗੀ |
ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਸੂਹ ਮਿਲਣ ਉਪਰੰਤ ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਐਸ.ਏ.ਐਸ. ਨਗਰ ਨੇ ਤੁਰੰਤ ਇੱਕ ਪੁਲਸ ਟੀਮ ਨੂੰ ਮੁੰਬਈ ਭੇਜਿਆ ਅਤੇ ਨਾਹਵਾ ਸ਼ੇਵਾ ਬੰਦਰਗਾਹ ‘ਤੇ ਤਾਇਨਾਤ ਕਰ ਦਿੱਤਾ | ਡੀ ਜੀ ਪੀ ਨੇ ਕਿਹਾ ਕਿ ਮਹਾਰਾਸ਼ਟਰ ਪੁਲਸ ਦੁਆਰਾ ਉਚਿਤ ਪ੍ਰਕਿਰਿਆ ਅਤੇ ਦਸਤਾਵੇਜ਼ਾਂ ਦੀ ਪਾਲਣਾ ਕਰਨ ਤੋਂ ਬਾਅਦ ਕੰਟੇਨਰ ਨੂੰ ਖੋਲਿ੍ਹਆ ਗਿਆ, ਜਿਸ ਤੋਂ 73 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ | ਉਨ੍ਹਾਂ ਕਿਹਾ ਕਿ ਪੁਲਸ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਪੁਲਸ ਨੇ ਐੱਨ ਡੀ ਪੀ ਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |

Related Articles

LEAVE A REPLY

Please enter your comment!
Please enter your name here

Latest Articles