ਲਖਨਊ : ਇੱਥੇ ਅੱਲ੍ਹੜ ਜੋੜੇ ਨੂੰ ਆਪਣੇ ਵਿਆਹ ਲਈ ਪੈਸੇ ਇਕੱਠੇ ਕਰਨ ਲਈ ਬੈਗ, ਫੋਨ ਅਤੇ ਹੋਰ ਕੀਮਤੀ ਸਾਮਾਨ ਖੋਹਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਸਹਿਯੋਗੀ ਵੀ ਕਾਬੂ ਕਰ ਲਿਆ ਗਿਆ, ਜੋ ਉਨ੍ਹਾਂ ਨੂੰ ਅਪਰਾਧ ਕਰਨ ਵੇਲੇ ਚੌਕਸ ਕਰਦਾ ਸੀ। ਤਿੰਨਾਂ ਦੀ ਉਮਰ 19 ਸਾਲ ਹੈ। ਉਹ ਹਾਲ ਹੀ ’ਚ ਗਾਜ਼ੀਪੁਰ ਤੋਂ ਲਖਨਊ ਆਏ ਸਨ। ਸ਼ਿਵਮ ਦਾ ਅਪਰਾਧਕ ਇਤਿਹਾਸ ਹੈ, ਜਿਸ ਖਿਲਾਫ 7 ਕੇਸ ਹਨ, ਜਦੋਂ ਕਿ ਉਸ ਦੀ ਪ੍ਰੇਮਿਕਾ ਖੁਸ਼ੀ ਅਤੇ ਉਨ੍ਹਾਂ ਦੇ ਸਹਿਯੋਗੀ ਹਿਮਾਂਸ਼ੂ ਦੇ ਖਿਲਾਫ ਤਿੰਨ-ਤਿੰਨ ਕੇਸ ਦਰਜ ਹਨ। ਬੁੱਧਵਾਰ ਨੂੰ ਵਾਰਦਾਤ ਲਈ ਵਰਤੇ ਮੋਟਰਸਾਈਕਲ ਦੀ ਪਛਾਣ ਕਰਨ ਤੋਂ ਬਾਅਦ ਇਸ ਗਰੋਹ ਦਾ ਪਰਦਾਫਾਸ਼ ਕੀਤਾ ਗਿਆ। ਪੁਲਸ ਮੁਤਾਬਕ 10ਵੀਂ ਜਮਾਤ ਤੋਂ ਬਾਅਦ ਸਕੂਲ ਛੱਡਣ ਵਾਲੇ ਸ਼ਿਵਮ ਅਤੇ ਹਿਮਾਂਸ਼ੂ ਦੋਸਤ ਹਨ। ਦੋਵੇਂ ਬੇਰੁਜ਼ਗਾਰ ਹਨ। ਸ਼ਿਵਮ ਨੂੰ ਖੁਸ਼ੀ ਨਾਲ ਪਿਆਰ ਹੋ ਗਿਆ, ਉਹ ਵੀ ਗਾਜ਼ੀਪੁਰ ਤੋਂ ਹੈ। ਜਦੋਂ ਸ਼ਿਵਮ, ਜੋ ਮੱਧ-ਵਰਗੀ ਪਿਛੋਕੜ ਤੋਂ ਹੈ, ਨੇ ਆਪਣੇ ਪਰਵਾਰ ਨੂੰ ਦੱਸਿਆ ਕਿ ਉਹ ਖੁਸ਼ੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਪਿਤਾ ਨੇ ਉਸ ਨੂੰ ਝਿੜਕਿਆ ਅਤੇ ਉਸ ਨੂੰ ਪਹਿਲਾਂ ਵਧੀਆ ਨੌਕਰੀ ਕਰਨ ਲਈ ਕਿਹਾ। ਸ਼ਿਵਮ ਅਤੇ ਹਿਮਾਂਸ਼ੂ ਨੇ ਗਾਜ਼ੀਪੁਰ ’ਚ ਡਕੈਤੀ ਕੀਤੀ, ਪਰ 7,000 ਰੁਪਏ ਹੀ ਮਿਲੇ। ਇਸ ਤੋਂ ਬਾਅਦ ਤਿੰਨਾਂ ਨੇ ਹੋਰ ਪੈਸੇ ਕਮਾਉਣ ਲਈ ਲਖਨਊ ਜਾਣ ਦਾ ਫੈਸਲਾ ਕੀਤਾ। ਉਹ ਕਿਰਾਏ ਦੀ ਰਿਹਾਇਸ਼ ’ਚ ਵੱਖਰੇ ਰਹਿੰਦੇ ਸਨ ਅਤੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦਿਨ ਗੱਲਬਾਤ ਲਈ ਫੋਨ ਦੀ ਵਰਤੋਂ ਨਹੀਂ ਕਰਦੇ ਸਨ। ਇਸ ਗਰੋਹ ਨੇ 13 ਜਨਵਰੀ, 14 ਜਨਵਰੀ ਅਤੇ 21 ਜਨਵਰੀ ਨੂੰ ਗੋਮਤੀ ਨਗਰ ਦੇ ਵੱਖ-ਵੱਖ ਹਿੱਸਿਆਂ ’ਚ ਔਰਤਾਂ ਨੂੰ ਨਿਸ਼ਾਨਾ ਬਣਾਇਆ ਸੀ।


