ਪੇਂਡੂ ਭਾਰਤ ਬੰਦ ਤੇ ਉਦਯੋਗਿਕ ਹੜਤਾਲ ਦੀ ਸਫਲਤਾ ਲਈ ਪੰਜਾਬ ਏਟਕ ਕਸਰ ਨਹੀਂ ਛੱਡੇਗੀ

0
243

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਏਟਕ ਨਾਲ ਸੰਬੰਧਤ ਸਭ ਜਥੇਬੰਦੀਆਂ ਵੱਲੋਂ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੌਰ ’ਤੇ ਲਏ ਫੈਸਲੇ ਅਨੁਸਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸਾਰੇ ਦੇਸ਼ ਵਿੱਚ ਪੜਾਅਵਾਰ ਸੰਘਰਸ਼ ਵਜੋਂ 26 ਜਨਵਰੀ ਨੂੰ ਕੀਤੇ ਗਏ ਮਾਰਚ ਉਪਰੰਤ ਹੁਣ 16 ਫਰਵਰੀ ਨੂੰ ਇਹਨਾ ਹੀ ਮੰਗਾਂ ਨੂੰ ਲੈ ਕੇ ਦੇਸ਼-ਵਿਆਪੀ ਪੇਂਡੂ ਭਾਰਤ ਬੰਦ ਅਤੇ ਉਦਯੋਗਿਕ ਹੜਤਾਲ ਦੀ ਸਫਲਤਾ ਲਈ ਜ਼ੋਰਦਾਰ ਤਿਆਰੀਆਂ ਕਰਨ ਲਈ ਲਾਮਬੰਦੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਦੇਸ਼ ਵਿੱਚ ਇਹ ਇੱਕ ਇਤਿਹਾਸਕ ਹੜਤਾਲ ਹੋਵੇਗੀ। ਧਾਲੀਵਾਲ ਅਤੇ ਬਰਾੜ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਤਹਿਤ ਕਿਸਾਨਾਂ ਅਤੇ ਹਰ ਵਰਗ ਦੇ ਮਜ਼ਦੂਰਾਂ ਦੀ ਆਰਥਿਕਤਾ ਉਪਰ ਜੋ ਲੁੱਟ ਦਾ ਹਮਲਾ ਸ਼ੁਰੂ ਕੀਤਾ ਹੋਇਆ ਹੈ, ਉਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਮੰਦ ਮਨਸੂਬੇ, ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਨਾ ਦੇਣਾ, ਖੇਤੀ ਲਾਗਤਾਂ ਵਿੱਚ ਬੇਸ਼ੁਮਾਰ ਵਾਧਾ, ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦੀ ਬਜਾਏ ਕਰਜ਼ਜਾਲ ਵਿੱਚ ਫਸਾਉਣਾ, ਕਿਸਾਨਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਪ੍ਰਸ਼ਾਸਨਕ ਅਤੇ ਗੁੰਡਾਗਰਦੀ ਵਰਗੇ ਤਰੀਕੇ ਅਖਤਿਆਰ ਕਰਨਾ, ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੇ ਮੁਜਰਮਾਂ ਨੂੰ ਸਜ਼ਾਵਾਂ ਨਾ ਦੇਣੀਆਂ ਆਦਿ ਮਸਲੇ ਚੁਣੌਤੀ ਬਣੇ ਹੋਏ ਹਨ। ਇਸੇ ਤਰ੍ਹਾਂ ਮਜ਼ਦੂਰਾਂ ਦੇ ਹੱਕ ਖੋਹਣ ਲਈ 44 ਲੇਬਰ ਕਾਨੂੰਨ ਖਤਮ ਕਰਕੇ ਲੇਬਰ ਵਿਰੋਧੀ 4 ਲੇਬਰ ਕੋਡ ਬਣਾਉਣੇ, ਘੱਟੋ-ਘੱਟ ਉਜਰਤਾਂ 26000 ਰੁਪਏ ਪ੍ਰਤੀ ਮਹੀਨਾ ਨਾ ਕਰਨੀਆਂ, ਨਿਗੂਣੀਆਂ ਤਨਖਾਹਾਂ ਬਦਲੇ ਠੇਕੇਦਾਰੀ ਸਿਸਟਮ ਰਾਹੀਂ ਨੌਜਵਾਨ ਸ਼ਕਤੀ ਦਾ ਘੋਰ ਅਪਰਾਧ ਵਰਗਾ ਆਰਥਿਕ ਸ਼ੋਸ਼ਣ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ, ਪਬਲਿਕ ਸੈਕਟਰ ਦਾ ਅੰਨ੍ਹੇਵਾਹ ਨਿੱਜੀਕਰਨ ਅਤੇ ਕੌਡੀਆਂ ਦੇ ਭਾਅ ਵੇਚਣ ਦਾ ਸਿਲਸਿਲਾ ਬਾਦਸਤੂਰ ਜਾਰੀ ਰੱਖਣਾ, ਸਕੀਮ ਵਰਕਰਾਂ ਜੋ ਵੱਡੀ ਗਿਣਤੀ ਵਿੱਚ ਔਰਤਾਂ ਹਨ, ਉਹਨਾ ਨੂੰ ਘੱਟੋ-ਘੱਟ ਉਜਰਤਾਂ ਦੇ ਦਾਇਰੇ ਵਿੱਚ ਨਾ ਲਿਆਉਣਾ, ਸਮਾਜਿਕ ਸੁਰੱਖਿਆ ਸਕੀਮ ਦੇ ਬੱਜਟ ਵਿੱਚ ਕਟੌਤੀਆਂ ਕਰਨਾ, ਨਰੇਗਾ ਕਾਮਿਆਂ ਦੇ ਬੱਜਟ ਵਿੱਚ ਭਾਰੀ ਕੱਟ, ਡਰਾਈਵਰਾਂ ਵਿਰੁੱਧ ਨਫਰਤੀ ਵਾਤਾਵਰਣ ਪੈਦਾ ਕਰਨਾ ਅਤੇ ਉਹਨਾ ਨੂੰ ਐਕਸੀਡੈਂਟ ਕੇਸਾਂ ਵਿੱਚ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਜੁਰਮਾਨੇ ਦਾ ਕਾਨੂੰਨ ਲਿਆਉਣਾ, ਬਿਜਲੀ ਬਿੱਲ 2020 ਆਦਿ ਮਜ਼ਦੂਰ ਜਮਾਤ ਵਿਰੋਧੀ ਕਦਮਾਂ ਵਿਰੁੱਧ ਸਖਤ ਸੰਘਰਸ਼ ਸਮੇਂ ਦੀ ਅਹਿਮ ਲੋੜ ਹੈ ਅਤੇ ਇਸ ਦੇ ਨਾਲ-ਨਾਲ ਇਸ ਸਰਕਾਰ ਵੱਲੋਂ ਸਮਾਜ ਵਿੱਚ ਨਫਰਤ ਫੈਲਾਉਣ ਅਤੇ ਡਰ-ਭੈਅ ਦਾ ਮਾਹੌਲ ਪੈਦਾ ਕਰਨ ਦੇ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਪੰਜਾਬ ਏਟਕ ਦੇ ਆਗੂਆਂ ਨੇ ਸਾਰੀਆਂ ਜਥੇਬੰਦੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਦੀਆਂ ਧਿਰਾਂ ਨਾਲ ਸੂਬਾਈ ਅਤੇ ਲੋਕਲ ਪੱਧਰ ’ਤੇ ਰਾਬਤਾ ਕਾਇਮ ਕਰਕੇ ਇਸ ਸਾਂਝੇ ਸੱਦੇ ਦੀ ਕਾਮਯਾਬੀ ਲਈ ਵਿਉਤਬੰਦੀ ਕੀਤੀ ਜਾਵੇ। ਪੰਜਾਬ ਏਟਕ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਪੰਜਾਬ ਦੇ ਵੱਖ-ਵੱਖ ਅਦਾਰਿਆਂ, ਸਨਅਤੀ ਇਕਾਈਆਂ, ਸਕੀਮ ਵਰਕਰਾਂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੂੰ ਕਿਹਾ ਕਿ 30 ਜਨਵਰੀ ਤੋਂ 01 ਫਰਵਰੀ ਤੱਕ 16 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਦੇ ਸੰਬੰਧ ਵਿੱਚ ਵਿਭਾਗਾਂ ਦੇ ਮੁਖੀਆਂ ਨੂੰ ਨੋਟਿਸ ਜ਼ਰੂਰ ਦੇ ਦਿੱਤੇ ਜਾਣ ਅਤੇ ਹੜਤਾਲ ਦੀ ਤਿਆਰੀ ਲਈ ਸਾਂਝੀਆਂ ਗੇਟ ਰੈਲੀਆਂ, ਕਨਵੈਨਸ਼ਨਾਂ ਕੀਤੀਆਂ ਜਾਣ ਅਤੇ ਹੜਤਾਲ ਦੇ ਪੱਖ ਵਿੱਚ ਪ੍ਰਚਾਰ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇ।

LEAVE A REPLY

Please enter your comment!
Please enter your name here