ਸਮਾਜੀ ਨਿਆਂ ਬਾਰੇ ਬਿਹਾਰ ਤੋਂ ਬਿਹਤਰ ਕੋਈ ਨਹੀਂ ਜਾਣਦਾ : ਰਾਹੁਲ ਗਾਂਧੀ

0
184

ਕਿਸ਼ਨਗੰਜ : ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਸੋਮਵਾਰ ਕਿਸ਼ਨਗੰਜ ਰਾਹੀਂ ਬਿਹਾਰ ’ਚ ਦਾਖਲ ਹੋਈ। ਕਾਂਗਰਸ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਰਾਹੁਲ ਦਾ ਸਵਾਗਤ ਕੀਤਾ। 2020 ਦੇ ਬਿਹਾਰ ਵਿਧਾਨ ਸਭਾ ਚੋਣ ਪ੍ਰਚਾਰ ਤੋਂ ਬਾਅਦ ਰਾਹੁਲ ਦੀ ਬਿਹਾਰ ਦੀ ਇਹ ਪਹਿਲੀ ਫੇਰੀ ਹੈ। ਯਾਤਰਾ ਰਾਜ ’ਚ ਅਜਿਹੇ ਸਮੇਂ ’ਚ ਦਾਖਲ ਹੋਈ, ਜਦੋਂ ਕਾਂਗਰਸ ਦੇ ਸਾਬਕਾ ਸਹਿਯੋਗੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇੱਕ ਦਿਨ ਪਹਿਲਾਂ ਹੀ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐੱਨ ਡੀ ਏ) ’ਚ ਮੁੜ ਚਲੇ ਗਏ।
ਕਿਸ਼ਨਗੰਜ ’ਚ ਮੁਸਲਮ ਆਬਾਦੀ ਕਾਫੀ ਹੈ ਤੇ ਕਾਂਗਰਸ ਦੀ ਪੁਜ਼ੀਸ਼ਨ ਇੱਥੇ ਚੰਗੀ ਹੈ। ਰਾਹੁਲ ਨੇ 11 ਵਜੇ ਕਿਸ਼ਨਗੰਜ ਦੇ ਸ਼ਹੀਦ ਅਸ਼ਫਾਕ ਉਲਾ ਖਾਨ ਸਟੇਡੀਅਮ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਰ ਐੱਸ ਐੱਸ ਤੇ ਭਾਜਪਾ ਦੀ ਵਿਚਾਰਧਾਰਾ ਨੇ ਹਿੰਸਾ ਤੇ ਨਫਰਤ ਫੈਲਾ ਰੱਖੀ ਹੈ। ਚਾਰ ਮਿੰਟ ਦੇ ਭਾਸ਼ਣ ਵਿਚ ਉਹ ਬਿਹਾਰ ਦੀ ਨਵੀਂ ਸਰਕਾਰ ਤੇ ਨਿਤੀਸ਼ ਬਾਰੇ ਕੁਝ ਨਹੀਂ ਬੋਲੇ।
ਉਨ੍ਹਾ ਕਿਹਾਸਮਾਜੀ ਨਿਆਂ ਬਾਰੇ ਬਿਹਾਰ ਤੋਂ ਬਿਹਤਰ ਕੋਈ ਨਹੀਂ ਜਾਣਦਾ। ਦੇਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਥੇ ਕਿੰਨੇ ਓ ਬੀ ਸੀ, ਐੱਸ ਸੀ ਤੇ ਐੱਸ ਟੀ ਹਨ। ਜਾਤ ਅਧਾਰਤ ਜਨਗਣਨਾ ਜ਼ਰੂਰੀ ਹੈ। ਇਸ ਜਨਗਣਨਾ ਤੋਂ ਬਾਅਦ ਸਭ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਆਬਾਦੀ ਕਿੰਨੀ ਹੈ ਤੇ ਉਨ੍ਹਾਂ ਦੇ ਹੱਕ ਕੀ ਹਨ।
ਰਾਹੁਲ ਨੇ ਮੰਗਲਵਾਰ ਨੂੰ ਪੂਰਨੀਆ ਤੇ ਬੁੱਧਵਾਰ ਨੂੰ ਕਟਿਹਾਰ ਵਿਚ ਰੈਲੀ ਕਰਨੀ ਹੈ। ਇਸ ਤੋਂ ਬਾਅਦ ਉਹ ਵੀਰਵਾਰ ਅਰਰੱਈਆ ਜ਼ਿਲ੍ਹੇ ਵੱਲੋਂ ਪੱਛਮੀ ਬੰਗਾਲ ਚਲੇ ਜਾਣਗੇ ਅਤੇ ਕੁਝ ਦਿਨਾਂ ਬਾਅਦ ਝਾਰਖੰਡ ਵਿਚ ਦਾਖਲ ਹੋਣਗੇ। ਸੂਬਾ ਪ੍ਰਧਾਨ ਅਖਿਲੇਸ਼ ਨੇ ਦੱਸਿਆ ਕਿ ਪੂਰਨੀਆ ਦੀ ਰੈਲੀ ਵਿਚ ਲਾਲੂ ਪ੍ਰਸਾਦ ਤੇ ਸੀ ਪੀ ਆਈ (ਐੱਮ ਐੱਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੂੰ ਵੀ ਸੱਦਿਆ ਗਿਆ ਹੈ।

LEAVE A REPLY

Please enter your comment!
Please enter your name here