ਨਿਤੀਸ਼ ਦੀ ਉਲਟਬਾਜ਼ੀ

0
255

ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਜਪਾ ‘ਇੰਡੀਆ’ ਗਠਜੋੜ ਅੰਦਰ ਸੰਨ੍ਹ ਲਾਉਣ ਵਿੱਚ ਕਾਮਯਾਬ ਹੋ ਗਈ ਹੈ। ਪਲਟੀਬਾਜ਼ੀ ਵਿੱਚ ਮਸ਼ਹੂਰ ਹੋ ਚੁੱਕੇ ਨਿਤੀਸ਼ ਕੁਮਾਰ ਨੇ ਬਿਹਾਰ ਵਿੱਚ ਬਣੇ ਮਹਾਂਗਠਬੰਧਨ ਨੂੰ ਅਲਵਿਦਾ ਕਹਿ ਦਿੱਤਾ ਹੈ। ਫਾਸ਼ੀਵਾਦੀ ਦੌਰ ਅੰਦਰ ਅੱਜ ਸਿਆਸਤ ਵਿੱਚ ਸਿਧਾਂਤ, ਕਦਰਾਂ-ਕੀਮਤਾਂ ਤੇ ਵਿਚਾਰਧਾਰਾ ਦਾ ਖਾਤਮਾ ਹੋ ਚੁੱਕਾ ਹੈ। ਭਾਰਤੀ ਸਿਆਸਤ ਦਾ ਇਹ ਨਿਘਾਰ ਯੁੱਗ ਹੈ। ਨਿਤੀਸ਼ ਕੁਮਾਰ ਇਸ ਦੇ ਮਹਾਂਰਥੀ ਹਨ।
ਆਪਣੇ ਆਪ ਨੂੰ ਚਰਿੱਤਰਵਾਨ ਕਹਾਉਣ ਵਾਲੀ ਭਾਜਪਾ ਨੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਪੈਰਾਂ ਹੇਠ ਰੋਲ ਦਿੱਤਾ ਹੈ। ਦੇਸ਼ ਦੇ ਹਰ ਰਾਜ ਵਿੱਚ ਕਾਰਪੋਰੇਟਾਂ ਦੀਆਂ ਥੈਲੀਆਂ ਨਾਲ ਵਿਧਾਇਕਾਂ ਦੀ ਵੇਚ-ਵੱਟ ਰਾਹੀਂ ਵਿਰੋਧੀ ਸਰਕਾਰਾਂ ਨੂੰ ਡੇਗ ਕੇ ਸੱਤਾ ਹਾਸਲ ਕਰਨ ਦੀ ਭੁੱਖ ਨੇ ਨਵੀਂਆਂ ਮਿਸਾਲਾਂ ਕਾਇਮ ਕੀਤੀਆਂ ਹਨ। ਭਾਜਪਾ ਦਾ ਤਾਂ ਆਖਰੀ ਨਿਸ਼ਾਨਾ ਹੀ ਲੋਕਤੰਤਰੀ ਵਿਵਸਥਾ ਨੂੰ ਤਹਿਸ-ਨਹਿਸ ਕਰਨਾ ਹੈ, ਪਰ ਦੇਸ਼ ਦੀ ਬਦਨਸੀਬੀ ਤਾਂ ਇਹ ਹੈ ਕਿ ਅਖੌਤੀ ਸਮਾਜਵਾਦੀ ਉਸ ਦੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਹਮੇਸ਼ਾ ਅਵਸਰਵਾਦੀ ਘੋੜੇ ਉਤੇ ਸਵਾਰ ਹੁੰਦੇ ਰਹੇ ਹਨ।
ਕੁਝ ਲੋਕਾਂ ਨੂੰ ਲਗਦਾ ਹੈ ਕਿ ਨਿਤੀਸ਼ ਕੁਮਾਰ ਨੂੰ ਭਜਾਉਣ ਵਿੱਚ ‘ਇੰਡੀਆ’ ਗਠਜੋੜ ਵਿੱਚ ਸ਼ਾਮਲ ਪਾਰਟੀਆਂ ਦਾ ਹੱਥ ਹੈ, ਉਹ ਗਲਤ ਹਨ। ਨਿਤੀਸ਼ ਇੰਡੀਆ ਗਠਜੋੜ ਦਾ ਕਨਵੀਨਰ ਹੀ ਨਹੀਂ, ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨਾ ਚਾਹੁੰਦੇ ਸਨ। ਗਠਜੋੜ ਦੇ ਆਗੂ ਨਿਤੀਸ਼ ਦੇ ਪਿਛਲੇ ਚਾਲ ਚਰਿੱਤਰ ਨੂੰ ਸਮਝਦਿਆਂ ਫੂਕ-ਫੂਕ ਕੇ ਕਦਮ ਚੁੱਕ ਰਹੇ ਸਨ। ਜ਼ਰਾ ਸੋਚੋ, ਜੇਕਰ ਨਿਤੀਸ਼ ਨੂੰ ਗਠਜੋੜ ਦਾ ਕਨਵੀਨਰ ਬਣਾ ਦਿੱਤਾ ਜਾਂਦਾ ਤੇ ਉਹ ਫਿਰ ਪਲਟੀ ਮਾਰਦੇ ਤਾਂ ਨੁਕਸਾਨ ਵੱਡਾ ਹੋਣਾ ਸੀ।
ਨਿਤੀਸ਼ ਕੁਮਾਰ ਨੂੰ ਇਹ ਵੀ ਸਮਝ ਨਹੀਂ ਆਇਆ ਕਿ ਹਰ ਪਲਟੀ ਤੋਂ ਬਾਅਦ ਉਸ ਦੀ ਪਾਰਟੀ ਲਗਾਤਾਰ ਕਮਜ਼ੋਰ ਹੁੰਦੀ ਰਹੀ ਹੈ। ਨਿਤੀਸ਼ ਕੁਮਾਰ ਨੇ ਬਿਹਾਰ ਵਿਧਾਨ ਸਭਾ ਦੀਆਂ 2010 ਦੀਆਂ ਚੋਣਾਂ ਵਿੱਚ 115 ਸੀਟਾਂ ਜਿੱਤੀਆਂ ਸਨ। ਉਸ ਨੇ ਭਾਜਪਾ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਸੀ। ਅਗਲੀਆਂ ਚੋਣਾਂ ਨਿਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਨਾਲ ਮਿਲ ਕੇ ਲੜੀਆਂ ਸਨ ਤੇ ਉਸ ਨੂੰ 71 ਸੀਟਾਂ ਮਿਲੀਆਂ ਸਨ। ਉਸ ਉਪਰੰਤ ਨਿਤੀਸ਼ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜੀਆਂ ਸਨ। ਇਨ੍ਹਾਂ ਚੋਣਾਂ ਵਿੱਚ ਉਹ 71 ਤੋਂ ਘਟ ਕੇ 43 ਸੀਟਾਂ ਉੱਤੇ ਆ ਗਿਆ ਸੀ।
ਨਿਤੀਸ਼ ਕੁਮਾਰ ਨੂੰ ਸ਼ਾਇਦ ਇਹ ਚੇਤਾ ਨਹੀਂ ਕਿ ਜਾਰਜ ਫਰਨਾਂਡੇਜ਼ ਵਰਗੇ ਕਿੰਨੇ ਆਗੂ ਹਨ, ਜਿਨ੍ਹਾਂ ਦੀ ਕਦੇ ਤੂਤੀ ਬੋਲਦੀ ਸੀ, ਜਨਤਾ ਨਾਲ ਧੋਖਾ ਕਰਨ ਉੱਤੇ ਮਿੱਟੀ ਵਿੱਚ ਮਿਲ ਗਏ ਸਨ। ਅੱਜ ਮਾਹੌਲ ਬਦਲ ਚੁੱਕਾ ਹੈ। ਦੇਸ਼ ਦੀਆਂ ਘੱਟਗਿਣਤੀਆਂ, ਦਲਿਤ, ਆਦਿਵਾਸੀ ਤੇ ਗਰੀਬ ਜਨਤਾ ਕੇਂਦਰ ਸਰਕਾਰ ਦੇ ਜ਼ੁਲਮਾਂ ਕਾਰਨ ਤਰਾਹ-ਤਰਾਹ ਕਰ ਰਹੀਆਂ ਹਨ। ਰਾਹੁਲ ਗਾਂਧੀ ਦੀਆਂ ਯਾਤਰਾਵਾਂ ਉਨ੍ਹਾਂ ਵਿੱਚ ਉਮੀਦਾਂ ਜਗਾ ਰਹੀਆਂ ਹਨ। ਬਿਹਾਰ ਵਿੱਚ 18 ਫ਼ੀਸਦੀ ਮੁਸਲਿਮ ਅਬਾਦੀ ਹਮੇਸ਼ਾ ਨਿਤੀਸ਼ ਨਾਲ ਖੜ੍ਹੀ ਰਹੀ ਹੈ। ਹੁਣ ਨਿਤੀਸ਼ ਤੇ ਜੇ ਡੀ ਯੂ ਦੇ ਕਾਰਜਕਰਤਾ ਉਨ੍ਹਾਂ ਕੋਲ ਕਿਸ ਮੂੰਹ ਨਾਲ ਜਾਣਗੇ। ਯਾਦ ਰਹੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਜੇ ਡੀ ਯੂ ਗਠਜੋੜ ਅਤੇ ਆਰ ਜੇ ਡੀ, ਕਾਂਗਰਸ ਤੇ ਲੈਫਟ ਗਠਜੋੜ ਨੂੰ 37-37 ਫ਼ੀਸਦੀ ਬਰਾਬਰ ਵੋਟਾਂ ਮਿਲੀਆਂ ਸਨ। ਹਰ ਵਿਅਕਤੀ ਦੀ ਆਪਣੀ ਨੈਤਿਕਤਾ ਹੁੰਦੀ ਹੈ। ਉਹ ਇੱਕ ਹੱਦ ਤੱਕ ਹੀ ਇਸ ਨਾਲ ਸਮਝੌਤਾ ਕਰ ਸਕਦਾ ਹੈ। ਉਸ ਦਾ ਜਦੋਂ ਸਬਰ ਟੁੱਟਦਾ ਹੈ ਤਾਂ ਸਭ ਗੰਦ ਹੂੰਝ ਕੇ ਰੱਖ ਦਿੰਦਾ ਹੈ। ਨਿਤੀਸ਼ ਕੁਮਾਰ ਨੂੰ ਇਸ ਸਮੇਂ ਇਤਿਹਾਸ ਦਾ ਕੂੜੇਦਾਨ ਉਡੀਕ ਰਿਹਾ ਹੈ। ਭਾਜਪਾ ਨਾਲ ਗਠਜੋੜ ਕਰਨ ਵਾਲਿਆਂ ਦਾ ਕੀ ਹਸ਼ਰ ਹੋਇਆ, ਉਹ ਇਸ ਦਾ ਗਵਾਹ ਹੈ। ਅਕਾਲੀ ਦਲ ਤੋੜਿਆ, ਯੂ ਪੀ ਦਾ ਅਪਨਾ ਦਲ ਦੋ ਟੋਟੇ ਕੀਤਾ, ਸ਼ਿਵ ਸੈਨਾ ਦੋ ਹਿੱਸਿਆਂ ਵਿੱਚ ਕੀਤੀ ਤੇ ਲੋਕ ਜਨ ਸ਼ਕਤੀ ਪਾਰਟੀ ਅੰਦਰ ਚਾਚੇ-ਭਤੀਜੇ ਦੀ ਜੰਗ ਕਰਾ ਕੇ ਚਿਰਾਗ ਪਾਸਵਾਨ ਨੂੰ ਖੂੰਜੇ ਲਾ ਦਿੱਤਾ ਹੈ। ਹੁਣ ਜਨਤਾ ਦਲ (ਯੂ) ਦੀ ਵਾਰੀ ਹੈ।
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here