ਮਜ਼ਦੂਰਾਂ ਦੀ ਜ਼ਿੰਦਗੀ ਨਾਲ ਜੁੜੇ ਸਵਾਲ ਹੱਲ ਕਰਨ ਲਈ ਸੰਘਰਸ਼ ਦੀ ਧਾਰ ਤੇਜ਼ ਕੀਤੀ ਜਾਵੇਗੀ : ਗੋਰੀਆ

0
263

ਚੇਨਈ (ਗਿਆਨ ਸੈਦਪੁਰੀ)
‘ਸਾਡੇ ਸਮਿਆਂ ਵਿੱਚ ਮੁਲਕ ਵਿੱਚ ਰਾਜ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਅਤੇ ਆਰ ਐੱਸ ਐੱਸ ਕਾਰਪੋਰੇਟਾਂ ਅਤੇ ਫਿਰਕੂ ਲੋਕਾਂ ਦਾ ਗੱਠਜੋੜ ਹੈ, ਜੋ ਦਿਨ-ਬ-ਦਿਨ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ। ਉਹ ਸੋਮਵਾਰ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਦੌਰਾਨ ਕੌਂਸਲ ਮੈਬਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਮੌਜੂਦਾ ਦੌਰ ਵਿੱਚ ਡੈਮੋਕਰੇਸੀ, ਸੰਵਿਧਾਨ ਅਤੇ ਜਮਹੂਰੀ ਅਦਾਰੇ ਖਤਰੇ ਵਿੱਚ ਹਨ। ਮੋਦੀ ਸਰਕਾਰ ਵਿਰੋਧੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਈ ਡੀ, ਸੀ ਬੀ ਆਈ ਅਤੇ ਹੋਰ ਅਦਾਰਿਆਂ ਦੀ ਖੁੱਲ੍ਹ ਕੇ ਦੁਰਵਰਤੋਂ ਕਰ ਰਹੀ ਹੈ। ਕੇਂਦਰ ਸਰਕਾਰ ਜਿੱਥੇ ਮੀਡੀਆ ’ਤੇ ਲਗਾਤਾਰ ਹਮਲੇ ਕਰ ਰਹੀ ਹੈ, ਉੱਥੇ ਗੋਦੀ ਮੀਡੀਆ ਭਾਜਪਾ ਦੀ ਇੱਕ-ਪਾਸੜ ਪ੍ਰਾਪੇਗੰਡਾ ਮਸ਼ੀਨ ਬਣੀ ਹੋਈ ਹੈ।
ਗੋਰੀਆ ਨੇ ਕਿਹਾ ਕਿ ਸਾਡੀਆਂ ਅਤੇ ਖਾਸ ਕਰਕੇ ਪੇਂਡੂ ਗਰੀਬਾਂ ਦੀਆਂ ਹਾਲਤਾਂ ਹੋਰ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਭਾਜਪਾ ਅਤੇ ਆਰ ਐੱਸ ਐੱਸ ਦਾ ਮੰਦਰ ਉਸਾਰੀ ਦਾ ਮੁੱਦਾ ਸਿਆਸੀ ਤਾਕਤ ਹਥਿਆਉਣ ਲਈ ਵਰਤਿਆ ਜਾ ਰਿਹਾ ਹੈ। ਉਹ ਇਸ ਮੁੱਦੇ ਨੂੰ ਫਿਰਕੂ ਕਤਾਰਬੰਦੀ ਲਈ ਵਰਤ ਰਹੇ ਹਨ। ਭਾਜਪਾ ਹਮੇਸ਼ਾ ਇਸ ਯਤਨ ਵਿੱਚ ਰਹਿੰਦੀ ਹੈ ਕਿ ਬੇਰੁਜ਼ਗਾਰੀ ਅਤੇ ਜ਼ਰੂਰੀ ਵਸਤਾਂ ਦੀ ਦਿਨੋਂ-ਦਿਨ ਵਧ ਰਹੀ ਮਹਿੰਗਾਈ ਵਰਗੇ ਮੁੱਦਿਆਂ ਤੋਂ ਧਿਆਨ ਪਾਸੇ ਕਰਨ ਲਈ ਧਰਮਾਂ ਦੇ ਮੁੱਦਿਆਂ ਨੂੰ ਹਵਾ ਦਿੱਤੀ ਜਾਵੇ। ਯੂਨੀਅਨ ਦੇ ਸਿਖਰਲੇ ਆਗੂ ਨੇ ਬਿਲਕਿਸ ਬਾਨੋ ਮਾਮਲੇ ’ਤੇ ਸੁਪਰੀਮ ਕੋਰਟ ਦੇ ਹਾਂ-ਪੱਖੀ ਫੈਸਲੇ ਸਮੇਤ ਅਨੇਕਾਂ ਮਸਲਿਆ ਦੀ ਗੱਲ ਕੀਤੀ।
ਇਸ ਤੋਂ ਪਹਿਲਾਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਐੱਨ ਪੇਰੀਆ ਸਾਮੀ ਸਾਬਕਾ ਵਿਧਾਇਕ ਨੇ ਗੋਰੀਆ ਨੂੰ ਕੰਮਾਂ ਦੀ ਰਿਪੋਰਟ ਪੇਸ਼ ਕਰਨ ਦਾ ਸੱਦਾ ਦਿੰਦਿਆਂ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਵੱਖ-ਵੱਖ ਆਗੂਆ ਨੂੰ ਮੰਚ ’ਤੇ ਆਉਣ ਲਈ ਅਪੀਲ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸੀ ਪੀ ਆਈ ਤਾਮਿਲਨਾਡੂ ਦੇ ਸਕੱਤਰ ਪੀ ਕੇ ਕਿ੍ਰਸ਼ਨਨ, ਜਾਨਕੀ ਦਾਸ ਪਾਸਵਾਨ (ਬਿਹਾਰ), ਰਾਮਾਸਵਾਮੀ (ਪੁਡੂਚੇਰੀ), ਦਰਿਓ ਸਿੰਘ (ਹਰਿਆਣਾ), ਦੇਵੀ ਕੁਮਾਰੀ ਸਰਹਾਲੀ ਕਲਾਂ (ਪੰਜਾਬ) ਤੇ ਨਰੇਸ਼ ਪਾਂਡੇ ਆਦਿ ਸ਼ਾਮਲ ਹੋਏ।
ਇਸ ਦੌਰਾਨ ਸੀ ਪੀ ਆਈ ਹਰਿਆਣਾ ਦੇ ਸਕੱਤਰ ਦਰਿਓ ਸਿੰਘ ਨੇ ਪਟਨਾ ਨੈਸ਼ਨਲ ਕਾਨਫਰੰਸ ਤੋਂ ਬਾਅਦ ਵਿਛੋੜਾ ਦੇ ਗਏ ਕਮਿਊਨਿਸਟ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ੋਕ ਮਤਾ ਪੇਸ਼ ਕੀਤਾ। ਵਿਛੋੜਾ ਦੇ ਗਏ ਆਗੂਆਂ ਵਿੱਚ ਪੂਰਨ ਸਿੰਘ ਨਾਰੰਗਵਾਲ ਅਤੇ ਨਛੱਤਰ ਪਾਲ ਸਿੰਘਹੁਸ਼ਿਆਰਪੁਰ ਸਮੇਤ ਵਿੱਛੜ ਚੁੱਕੇ ਵੱਖ-ਵੱਖ ਆਗੂਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਯਾਦ ਕੀਤਾ ਗਿਆ।
ਗੁਲਜ਼ਾਰ ਸਿੰਘ ਗੋਰੀਆ ਨੇ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਯੂਨੀਅਨ ਦੇ ਮੁੱਖ ਉਦੇਸ਼ਾਂ ਵਿੱਚ ਭਾਜਪਾ ਨੂੰ ਸਿਆਸੀ ਅਤੇ ਵੋਟਾਂ ਦੇ ਪੱਧਰ ’ਤੇ ਹਰਾਉਣਾ ਹੈ। ਭਵਿੱਖ ਦੇ ਕਾਰਜਾਂ ਵਿੱਚ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨਾ ਹੋਵੇਗਾ।
ਸੀ ਪੀ ਆਈ ਦੇ ਸੀਨੀਅਰ ਆਗੂ ਨੱਲਾ ਕੰਨੂ ਨੂੰ ਸਟੇਜ ’ਤੇ ਸਤਿਕਾਰ ਨਾਲ ਲਿਆਂਦਾ ਗਿਆ। ਦੱਸਿਆ ਗਿਆ ਕਿ ਕਾਮਰੇਡ ਕੰਨੂ ਨੇ ਜ਼ਿੰਦਗੀ ਦੀਆਂ 99 ਧੁੱਪਾਂ-ਛਾਵਾਂ ਦੇਖ ਲਈਆਂ ਹਨ ਤੇ ਉਹ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਏਨੀ ਵਡੇਰੀ ਉਮਰ ਵਿੱਚ ਵੀ ਤਤਪਰ ਰਹਿੰਦੇ ਹਨ। ਗੁਲਜ਼ਾਰ ਗੋਰੀਆ ਵੱਲੋਂ ਵਿਸਥਾਰ ਨਾਲ ਪੇਸ਼ ਕੀਤੀ ਰਿਪੋਰਟ ਨੂੰ ਹਾਊਸ ਨੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ। ਇਸ ਦੌਰਾਨ ਰਿਪੋਰਟ ’ਤੇ ਬਹਿਸ ਸ਼ੁਰੂ ਹੋ ਗਈ। ਪੰਜਾਬ ਤੋਂ ਦੇਵੀ ਕੁਮਾਰੀ ਸਰਹਾਲੀ ਕਲਾਂ, ਆਂਧਰਾ ਪ੍ਰਦੇਸ਼ ਦੇ ਮਜ਼ਦੂਰ ਆਗੂ ਚੰਦਰ ਸ਼ੇਖਰ ਅਤੇ ਕੇਰਲਾ ਤੋਂ ਬਾਬੂ ਸਮੇਤ ਬਹੁਤ ਸਾਰੇ ਮੈਂਬਰਾਂ ਨੇ ਬਹਿਸ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ ਪੇਰੀਆ ਸਾਮੀ ਨੇ ਦੱਸਿਆ ਕਿ ਦਿੱਲੀ ਤੋਂ ਚੇਨਈ ਪਹੁੰਚਣ ਵਾਲੀ ਟਰੇਨ ਤਾਮਿਲਨਾਡੂ ਐੱਕਸਪ੍ਰੈੱਸ ਦੇ ਲੇਟ ਹੋ ਜਾਣ ਕਾਰਨ ਪਹਿਲੇ ਦਿਨ ਦੀ ਮੀਟਿੰਗ ਵਿੱਚ ਗੁਲਜ਼ਾਰ ਸਿੰਘ ਗੋਰੀਆ ਅਤੇ ਹੋਰ ਆਗੂਆਂ ਦੀ ਗੈਰ-ਮੌਜੂਦਗੀ ਵਿੱਚ ਸੀ ਪੀ ਆਈ ਦੇ ਸਕੱਤਰ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸੀਨੀਅਰ ਆਗੂ ਨਗੇਂਦਰ ਨਾਥ ਓਝਾ ਨੇ ਦੇਸ਼ ਦੀ ਸਿਆਸੀ, ਸਮਾਜੀ ਤੇ ਆਰਥਕ ਸਥਿਤੀ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਖਬਰ ਲਿਖੇ ਜਾਣ ਮੌਕੇ ਰਿਪੋਰਟ ’ਤੇ ਬਹਿਸ ਜਾਰੀ ਸੀ। ਨੈਸ਼ਨਲ ਜਨਰਲ ਕੌਂਸਲ ਦੀ ਮੀਟਿੰਗ ਮੰਗਲਵਾਰ ਤੱਕ ਚੱਲੇਗੀ।

LEAVE A REPLY

Please enter your comment!
Please enter your name here