ਇੰਡੀਆਨਾ : ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਸਥਿਤ ਵੱਕਾਰੀ ਪਰਡਿਊ ਯੂਨੀਵਰਸਿਟੀ ਦੇ ਲਾਪਤਾ ਭਾਰਤੀ ਵਿਦਿਆਰਥੀ ਨੀਲ ਆਚਾਰੀਆ ਦੀ ਮੌਤ ਹੋ ਗਈ ਹੈ। ਨੀਲ ਐਤਵਾਰ ਨੂੰ ਲਾਪਤਾ ਹੋ ਗਿਆ ਸੀ ਤੇ ਉਸ ਦੀ ਲਾਸ਼ ਪ੍ਰਯੋਗਸ਼ਾਲਾ ਦੇ ਨੇੜੇ ਮਿਲੀ। ਉਸ ਨੇ ਕੰਪਿਊਟਰ ਵਿਗਿਆਨ ਅਤੇ ਡਾਟਾ ਵਿਗਿਆਨ ’ਚ ਡਿਗਰੀ ਹਾਸਲ ਕੀਤੀ ਸੀ ਅਤੇ ਜੌਨ ਮਾਰਟਿਨਸਨ ਆਨਰਜ਼ ਕਾਲਜ ’ਚ ਪੜ੍ਹਦਾ ਸੀ।
ਜਿਊਂਦੇ-ਜੀ ਸੀ ਏ ਏ ਲਾਗੂ ਨਹੀਂ ਹੋਣ ਦੇਵਾਂਗੀ : ਮਮਤਾ
ਰਾਏਗੰਜ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀ ਏ ਏ ਮਾਮਲੇ ਨੂੰ ਚੁੱਕਣ ਲਈ ਭਾਜਪਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਆਪਣੇ ਜੀਵਨ ਕਾਲ ਦੌਰਾਨ ਰਾਜ ’ਚ ਇਸ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਵੇਗੀ। ਉੱਤਰੀ ਦੀਨਾਜਪੁਰ ਜ਼ਿਲ੍ਹੇ ਦੇ ਰਾਏਗੰਜ ਵਿਖੇ ਜਨਤਕ ਵੰਡ ਪ੍ਰੋਗਰਾਮ ’ਚ ਉਨ੍ਹਾ ਦੋਸ਼ ਲਾਇਆ ਕਿ ਭਾਜਪਾ ਨੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਨਾਗਰਿਕਤਾ (ਸੋਧ) ਕਾਨੂੰਨ ਜਾਂ ਸੀ ਏ ਏ ਦੇ ਮੁੱਦੇ ਨੂੰ ਜਾਣਬੁੱਝ ਕੇ ਚੁੱਕਿਆ ਹੈ। ਉਨ੍ਹਾ ਕਿਹਾਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਇਸ ਨੂੰ ਪੱਛਮੀ ਬੰਗਾਲ ’ਚ ਲਾਗੂ ਨਹੀਂ ਹੋਣ ਦੇਵਾਂਗੀ।
ਨਕਸਲੀਆਂ ਹੱਥੋਂ 3 ਜਵਾਨ ਸ਼ਹੀਦ
ਰਾਏਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਮੰਗਲਵਾਰ ਮਾਓਵਾਦੀਆਂ ਨਾਲ ਗੋਲੀਬਾਰੀ ਦੌਰਾਨ 3 ਜਵਾਨ ਸ਼ਹੀਦ ਹੋ ਗਏ। ਇਹ ਘਟਨਾ ਬੀਜਾਪੁਰ ਅਤੇ ਸੁਕਮਾ ਜ਼ਿਲ੍ਹਿਆਂ ਦੀ ਹੱਦ ਦੇ ਨਾਲ ਸਥਿਤ ਟੇਕਲਗੁਡੀਅਮ ਪਿੰਡ ’ਚ ਵਾਪਰੀ। ਜਦੋਂ ਗੋਲੀਬਾਰੀ ਹੋਈ ਤਾਂ 201ਵੀਂ ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ (ਕੋਬਰਾ) ਖੇਤਰ ’ਚ ਕੰਮ ਕਰ ਰਹੀ ਸੀ। ਹਮਲੇ ਦੌਰਾਨ 14 ਜਵਾਨ ਜ਼ਖਮੀ ਹੋ ਗਏ। ਇਸੇ ਥਾਂ 2021 ਵਿਚ ਨਕਸਲੀ ਹਮਲੇ ਵਿਚ 23 ਜਵਾਨ ਸ਼ਹੀਦ ਹੋਏ ਸਨ।




