ਨਵੀਂ ਦਿੱਲੀ : ਚੰਡੀਗੜ੍ਹ ਯੂਨੀਵਰਸਿਟੀ ਦੇ ਬਾਨੀ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਮੰਗਲਵਾਰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ’ਚ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਧੂ ਨੂੰ ਸੰਸਦ ਦੇ ਉਪਰਲੇ ਸਦਨ ਲਈ ਨਾਮਜ਼ਦ ਕੀਤਾ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਸੰਧੂ ਕਿਸਾਨ ਵੀ ਹਨ ਅਤੇ ਸਿੱਖਿਆ ਪ੍ਰਾਪਤ ਕਰਨ ਲਈ ਉਨ੍ਹਾ ਸੰਘਰਸ਼ ਵੀ ਕੀਤਾ। 2001 ’ਚ ਮੁਹਾਲੀ ’ਚ ‘ਚੰਡੀਗੜ੍ਹ ਗਰੁੱਪ ਆਫ ਕਾਲਜਿਜ਼’ ਦੀ ਸਥਾਪਨਾ ਅਤੇ 2012 ’ਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਦਾ ਸਿਹਰਾ ਉਨ੍ਹਾ ਨੂੰ ਜਾਂਦਾ ਹੈ।
ਤੇਜਸਵੀ ਪੁੱਛਗਿੱਛ ਲਈ ਪੇਸ਼
ਪਟਨਾ : ਰਾਜਦ ਨੇਤਾ ਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੌਕਰੀ ਦੇ ਬਦਲੇ ਜ਼ਮੀਨ ਘਪਲੇ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਪਟਨਾ ਮੰਗਲਵਾਰ ਇੱਥੇ ਈ ਡੀ ਦੇ ਦਫਤਰ ਪਹੁੰਚੇ। ਸੋਮਵਾਰ ਉਨ੍ਹਾ ਦੇ ਪਿਤਾ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਤੋਂ ਏਜੰਸੀ ਨੇ ਕਈ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ ਸੀ।
ਭਾਜਪਾ ਆਗੂ ਦੇ ਕਤਲ ’ਚ 14 ਨੂੰ ਮੌਤ ਦੀ ਸਜ਼ਾ
ਅਲਾਪੁਝਾ : ਕੇਰਲਾ ’ਚ ਵੇਲੀਕੇਰਾ ਦੇ ਐਡੀਸ਼ਨਲ ਸੈਸ਼ਨ ਜੱਜ ਵੀਜੀ ਸ੍ਰੀਦੇਵੀ ਨੇ ਦਸੰਬਰ 2021 ’ਚ ਤੱਟਵਰਤੀ ਜ਼ਿਲ੍ਹੇ ਅਲਾਪੁਝਾ ’ਚ ਭਾਰਤੀ ਜਨਤਾ ਪਾਰਟੀ ਦੇ ਓ ਬੀ ਸੀ ਮੋਰਚੇ ਦੇ ਆਗੂ ਰਣਜੀਤ ਸ੍ਰੀਨਿਵਾਸਨ ਦੇ ਕਤਲ ਦੇ ਮਾਮਲੇ ’ਚ 14 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ੀ ਪਾਬੰਦੀਸ਼ੁਦਾ ਕੱਟੜਪੰਥੀ ਇਸਲਾਮਿਕ ਗਰੁੱਪ ਪਾਪੂਲਰ ਫਰੰਟ ਆਫ ਇੰਡੀਆ (ਪੀ ਐੱਫ ਆਈ) ਨਾਲ ਸੰਬੰਧਤ ਹਨ। ਇਸਤਗਾਸਾ ਪੱਖ ਨੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਹ ਇੱਕ ਟਰੇਂਡ ਕਾਤਲ ਦਸਤੇ ਦੇ ਮੈਂਬਰ ਹਨ ਅਤੇ ਇਨ੍ਹਾਂ ਨੇ ਬੇਰਹਿਮੀ ਅਤੇ ਸ਼ੈਤਾਨੀ ਤਰੀਕੇ ਨਾਲ ਪੀੜਤ ਨੂੰ ਉਸ ਦੀ ਮਾਂ, ਬੱਚੇ ਅਤੇ ਪਤਨੀ ਦੇ ਸਾਹਮਣੇ ਕਤਲ ਕੀਤਾ ਸੀ।
ਅੱਧਾ ਟਨ ਕੋਕੀਨ ਦੀ ਤਸਕਰੀ ’ਚ ਭਾਰਤੀ ਜੋੜਾ ਦੋਸ਼ੀ ਕਰਾਰ
ਲੰਡਨ : ਬਰਤਾਨੀਆ ਵਿਚ ਭਾਰਤੀ ਮੂਲ ਦੇ ਜੋੜੇ ਨੂੰ ਅੱਧੇ ਟਨ ਤੋਂ ਵੱਧ ਕੋਕੀਨ ਆਸਟਰੇਲੀਆ ਭੇਜਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਕਿਸੇ ਕੰਪਨੀ ਨਾਲ ਜੁੜੇ ਹੋਏ ਸਨ। ਉਨ੍ਹਾਂ ਕੋਕੀਨ ਨੂੰ ਜਹਾਜ਼ ਰਾਹੀਂ ਆਸਟਰੇਲੀਆ ਭੇਜਿਆ ਸੀ। ਇਸ ਨੂੰ ਕੰਪਨੀ ਦੇ ਨਾਂਅ ’ਤੇ ਮੈਟਲ ਟੂਲ ਬਾਕਸ ਦੇ ਕਵਰ ਹੇਠ ਛੁਪਾ ਦਿੱਤਾ ਸੀ। ਆਸਟਰੇਲੀਅਨ ਬਾਰਡਰ ਫੋਰਸ ਨੇ ਮਈ 2021 ’ਚ ਸਿਡਨੀ ਪਹੁੰਚਣ ’ਤੇ 5.7 ਕਰੋੜ ਪੌਂਡ ਦੀ ਕੋਕੀਨ ਨੂੰ ਰੋਕਿਆ ਅਤੇ ਨੈਸ਼ਨਲ ਕ੍ਰਾਈਮ ਏਜੰਸੀ ਦੇ ਜਾਂਚਕਰਤਾਵਾਂ ਨੇ ਭੇਜਣ ਵਾਲੇ ਦੀ ਪਛਾਣ ਹੈਨਵੇਲ ਦੀ 59 ਸਾਲਾ ਆਰਤੀ ਧੀਰ ਅਤੇ 35 ਸਾਲਾ ਕਵਲਜੀਤ ਸਿੰਘ ਰਾਏਜ਼ਾਦਾ ਵਜੋਂ ਕੀਤੀ।