ਨਵੀਂ ਦਿੱਲੀ : ਰਿਟਾਇਰਮੈਂਟ ਫੰਡ ਬਾਡੀ ਈ ਪੀ ਐੱਫ ਓ ਨੇ ਸਾਲ 2023-24 ਲਈ ਕਰਮਚਾਰੀਆਂ ਦੇ ਪ੍ਰਾਵੀਡੈਂਟ ਫੰਡ (ਈ ਪੀ ਐੱਫ) ’ਤੇ ਵਿਆਜ ਦਰ 8.25 ਫੀਸਦੀ ਤੈਅ ਕੀਤੀ ਹੈ, ਜੋ ਪਿਛਲੇ ਤਿੰਨ ਸਾਲ ’ਚ ਸਭ ਤੋਂ ਵੱਧ ਹੈ। ਈ ਪੀ ਐੱਫ ਓ ਨੇ ਮਾਰਚ 2023 ’ਚ 2022-23 ਲਈ ਈ ਪੀ ਐੱਫ ’ਤੇ ਵਿਆਜ ਦਰ ਨੂੰ ਮਾਮੂਲੀ ਤੌਰ ’ਤੇ ਵਧਾ ਕੇ 8.15 ਫ਼ੀਸਦੀ ਕਰ ਦਿੱਤਾ ਸੀ, ਜੋ 2021-22 ’ਚ 8.10 ਫੀਸਦੀ ਸੀ। ਮਾਰਚ 2022 ਵਿੱਚ ਈ ਪੀ ਐੱਫ ਓ ਨੇ 2021-22 ਲਈ ਈ ਪੀ ਐੱਫ ’ਤੇ ਵਿਆਜ ਦਰ ਨੂੰ ਘਟਾ ਕੇ 8.1 ਫੀਸਦੀ ਕਰ ਦਿੱਤਾ ਸੀ, ਜੋ ਚਾਰ ਦਹਾਕਿਆਂ ਵਿੱਚ ਸਭ ਤੋਂ ਘੱਟ ਸੀ। ਈ ਪੀ ਐੱਫ ਵਿਆਜ ਦਰ 2020-21 ’ਚ 8.5 ਫੀਸਦੀ ਸੀ। ਸਰਕਾਰ ਦੀ ਮਨਜ਼ੂਰੀ ਤੋਂ ਬਾਅਦ 2023-24 ਲਈ ਈ ਪੀ ਐੱਫ ’ਤੇ ਵਿਆਜ ਦਰ ਈ ਪੀ ਐੱਫ ਓ ਦੇ ਛੇ ਕਰੋੜ ਤੋਂ ਵੱਧ ਗਾਹਕਾਂ ਦੇ ਖਾਤਿਆਂ ’ਚ ਜਮ੍ਹਾਂ ਹੋ ਜਾਵੇਗੀ।
ਮਿਥੁਨ ਦੀ ਸਿਹਤ ਢਿੱਲੀ
ਕੋਲਕਾਤਾ : ਮਿਥੁਨ ਚੱਕਰਵਰਤੀ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ 73 ਸਾਲਾ ਅਦਾਕਾਰ ਦਾ ਐੱਮ ਆਰ ਆਈ ਕਰਵਾਇਆ ਗਿਆ ਹੈ ਅਤੇ ਹੋਰ ਟੈਸਟ ਕਰਵਾਏ ਜਾ ਰਹੇ ਹਨ। ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਚੱਕਰਵਰਤੀ ਨੂੰ ਸ਼ਨੀਵਾਰ ਸਵੇਰੇ ਦਾਖਲ ਕਰਵਾਇਆ ਗਿਆ ਹੈ ਅਤੇ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।