14.9 C
Jalandhar
Monday, March 4, 2024
spot_img

ਮੋਦੀ ਸਰਕਾਰ ਨੇ ਕਿਸਾਨੀ ਤੇ ਪਬਲਿਕ ਸੈਕਟਰ ਨੂੰ ਤਬਾਹ ਕਰਨ ਦਾ ਰਸਤਾ ਅਖਤਿਆਰ ਕੀਤਾ : ਧਾਲੀਵਾਲ

ਪਟਿਆਲਾ : ਟਰੇਡ ਯੂਨੀਅਨ ਕੌਂਸਲ ਪਟਿਆਲਾ 16 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਦੀ ਤਿਆਰੀ ਦੇ ਸੰਬੰਧ ’ਚ ਵੱਖਵੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਦੀ ਭਰਵੀਂ ਹਾਜ਼ਰੀ ’ਚ ਮੀਟਿੰਗ ਹੋਈ।ਮੀਟਿੰਗ ਦੀ ਪ੍ਰਧਾਨਗੀ ਉਤਮ ਸਿੰਘ ਬਾਗੜੀ ਨੇ ਕੀਤੀ। ਦਰਸ਼ਨ ਸਿੰਘ ਲੁਬਾਣਾ ਜਨਰਲ ਸਕੱਤਰ ਟਰੇਡ ਯੂਨੀਅਨ ਕੌਂਸਲ ਪਟਿਆਲਾ ਨੇ 16 ਫਰਵਰੀ ਦੀ ਹੜਤਾਲ ਦੇ ਸੰਬੰਧ ਵਿੱਚ ਏਜੰਡੇ ਦੀ ਸੰਖੇਪ ਵਿੱਚ ਵਿਆਖਿਆ ਕਰਕੇ ਮੀਟਿੰਗ ਸ਼ੁਰੂ ਕੀਤੀ।ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ ਮੀਟਿੰਗ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋਏ, ਜਿਹਨਾ ਬੜੇ ਹੀ ਵਿਸਥਾਰ ਨਾਲ ਸੰਯੁਕਤ ਕਿਸਾਨ ਮੋਰਚਾ ਅਤੇ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਅਤੇ ਸੈਕਟੋਰਲ ਜਥੇਬੰਦੀਆਂ ਅਤੇ ਫੈਡਰੇਸ਼ਨਾਂ ਵੱਲੋਂ ‘ਪੇਂਡੂ ਭਾਰਤ ਬੰਦ’ ਅਤੇ ਉਦਯੋਗਿਕ ਹੜਤਾਲ ਦੇ ਮੁੱਦਿਆਂ ਦੀ ਵਿਆਖਿਆ ਕੀਤੀ। ਧਾਲੀਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਰਤਮਾਨ ਮੋਦੀ ਸਰਕਾਰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੁਆਰਾ ਸੰਚਾਲਤ ਸਰਕਾਰ ਬਣ ਕੇ ਰਹਿ ਗਈ ਹੈ। ਕਾਰਪੋਰੇਟ ਹੀ ਇਸ ਸਮੇਂ ਦੇਸ਼ ਦੇ 142 ਕਰੋੜ ਲੋਕਾਂ ਦੀ ਹੋਣੀ ਤਹਿ ਕਰਦੇ ਹਨ ਅਤੇ ਮੋਦੀ ਸਰਕਾਰ ਕਾਰਪੋਰੇਟਾਂ ਦੀ ਮਰਜ਼ੀ ਦੀਆਂ ਨੀਤੀਆਂ ਬਣਾਉਦੀ ਹੈ, ਜਿਹੜੀਆਂ ਨੀਤੀਆਂ ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ, ਛੋਟੇ ਦੁਕਾਨਦਾਰਾਂ, ਛੋਟੇ ਸਨਅਤਕਾਰਾਂ ਦੀ ਲੁੱਟ ਤਹਿ ਕਰਦੀਆਂ ਹਨ ਅਤੇ ਦੇਸ਼ ਦੀ ਵੱਡੀ ਅਬਾਦੀ ਨੂੰ ਗਰੀਬੀ ਦੀ ਦਲਦਲ ’ਚ ਧੱਕ ਰਹੀਆਂ ਹਨ, ਜਿਸ ਦਾ ਅੱਜ ਸਿੱਟਾ ਸਾਹਮਣੇ ਹੈ ਕਿ ਦੇਸ਼ ਦੇ 81 ਕਰੋੜ ਲੋਕ ਸਰਕਾਰ ਦੀ ਆਟਾ-ਦਾਲ ਸਕੀਮ ’ਤੇ ਨਿਰਭਰ ਹੋ ਕੇ ਰਹਿ ਗਏ ਹਨ, ਜਿਨ੍ਹਾਂ ਕੋਲ ਕੋਈ ਰੁਜ਼ਗਾਰ ਨਹੀਂ ਰਿਹਾ।ਦੇਸ਼ ਦੀ ਤਰੱਕੀ ਦੀ ਰੀੜ੍ਹ ਦੀ ਹੱਡੀ ਕਿਸਾਨੀ ਅਤੇ ਪਬਲਿਕ ਸੈਕਟਰ ਨੂੰ ਤਬਾਹ ਕਰਨ ਦਾ ਰਸਤਾ ਅਖਤਿਆਰ ਕੀਤਾ ਹੋਇਆ ਹੈ। ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ, ਉਹ ਕਰਜ਼ੇ ’ਚ ਫਸੇ ਹੋਏ ਖੁਦਕੁਸ਼ੀਆਂ ਕਰ ਰਹੇ ਹਨ।ਪਬਲਿਕ ਸੈਕਟਰ ਅੰਬਾਨੀਆਂ-ਅਡਾਨੀਆਂ ਨੂੰ ਸੌਂਪਿਆ ਜਾ ਰਿਹਾ ਹੈ। ਘੱਟੋ-ਘੱਟ ਉਜਰਤਾਂ 26000 ਰੁਪਏ ਨਹੀਂ ਕੀਤੀਆਂ ਜਾ ਰਹੀਆਂ, 44 ਕੇਂਦਰੀ ਕਾਨੂੰਨ ਤੋੜ ਕੇ 4 ਲੇਬਰ ਕੋਡ ਬਣਾ ਕੇ ਕਿਰਤੀਆਂ ਦੇ ਕਾਨੂੰਨੀ ਹੱਕ ਖੋਹ ਲਏ ਗਏ, ਕੰਟਰੈਕਟ, ਆਊਟਸੋਰਸ ਕਾਮੇ ਪੱਕੇ ਨਹੀਂ ਕੀਤੇ ਜਾ ਰਹੇ। ਇਹਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਮੋਦੀ ਸਰਕਾਰ ਫਿਰਕੂ, ਮੰਦਰ, ਮਸਜਿਦ ਦੇ ਪੱਤੇ ਖੇਡਣ ’ਤੇ ਧਿਆਨ ਕੇਂਦਰਤ ਕਰਕੇ ਚੋਣਾਂ ਵਿੱਚ ਲੋਕਾਂ ਦਾ ਧਿਆਨ ਅਸਲ ਜ਼ਿੰਦਗੀ ਦੇ ਮੁੱਦਿਆਂ ਤੋਂ ਭਟਕਾ ਕੇ ਵੋਟਾਂ ਲੁੱਟਣ ਦੀ ਯੋਜਨਾਬੰਦੀ ’ਚ ਮਸ਼ਰੂਫ ਹੈ। ਟਰੇਡ ਯੂਨੀਅਨ ਆਗੂਆਂ ਨੇ ਮੀਟਿੰਗ ਵਿੱਚ ਜੁੜੇ ਆਗੂਆਂ ਨੂੰ ਸਰਕਾਰ ਦੇ ਭਵਿੱਖ ਦੇ ਖਤਰਨਾਕ ਮਨਸੂਬਿਆਂ ਨੂੰ ਠੱਲ੍ਹ ਪਾਉਣ ਲਈ 16 ਫਰਵਰੀ ਦੀ ਹੜਤਾਲ ਦੀ ਸਫਲਤਾ ਲਈ ਦਿਨ-ਰਾਤ ਇੱਕ ਕਰਕੇ ਲਾਮਬੰਦੀ ਵਿੱਚ ਜੁਟਣ ਦਾ ਸੱਦਾ ਦਿੱਤਾ।ਮੀਟਿੰਗ ਵਿੱਚ ਵੱਖ-ਵੱਖ ਆਗੂਆਂ ਨੇ 16 ਫਰਵਰੀ ਨੂੰ ਨਵਾਂ ਬੱਸ ਸਟੈਂਡ ਪਟਿਆਲਾ ਦੇ ਸਾਹਮਣੇ ਕਿਸਾਨਾਂ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਤਹਿ ਕੀਤੇ ਵੱਡੇ ਇਕੱਠ ’ਚ ਸ਼ਾਮਲ ਹੋਣ ਲਈ 1500 ਵਰਕਰਾਂ ਦੀ ਹਾਜ਼ਰੀ ਤਹਿ ਕੀਤੀ।
ਮੀਟਿੰਗ ਵਿੱਚ ਜ਼ਿਲ੍ਹਾ ਪਟਿਆਲਾ ਏਟਕ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਪਿਲੱਖਣੀ, ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੇ ਚੇਅਰਮੈਨ ਗੁਰਵਿੰਦਰ ਸਿੰਘ ਗੋਲਡੀ, ਬੈੈਂਕ ਆਗੂ ਯਾਦਵਿੰਦਰ ਗੁਪਤਾ, ਪੀ ਐੱਸ ਈ ਬੀ ਦੇ ਪੈਨਸ਼ਨਰਾਂ ਦੇ ਆਗੂ ਸੰਤੋਖ ਸਿੰਘ, ਦਰਜਾ4 ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ, ਸੂਰਜ ਯਾਦਵ, ਪ੍ਰਕਾਸ਼ ਸਿੰਘ, ਪ ਸ ਸ ਫ ਦੇ ਆਗੂ ਮਾਧੋ ਰਾਹੀ, ਡਾਕ ਸੇਵਾਵਾਂ ਦੇ ਆਗੂ ਵਿਨੇ ਕੁਮਾਰ, ਯੂਨੀਲੀਵਰ ਦੇ ਸੰਦੀਪ ਕੁਮਾਰ ਆਦਿ ਸ਼ਾਮਲ ਸਨ।

Related Articles

LEAVE A REPLY

Please enter your comment!
Please enter your name here

Latest Articles