ਮਾਹਿਲਪੁਰ (ਸਫਰੀ) ਕਸਬਾ ਮਾਹਿਲਪੁਰ ਦੇ ਮੇਨ ਚੌਂਕ ਫਗਵਾੜਾ ਰੋਡ ’ਤੇ ਕੱਪੜੇ ਦੀ ਪੁਰਾਣੀ ਤੇ ਮਸ਼ਹੂਰ ਦੁਕਾਨ ’ਤੇ ਤਾਬੜਤੋੜ ਚੱਲੀਆਂ ਗੋਲੀਆਂ, ਪਰ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਬਚ ਗਿਆ। ਦੁਕਾਨ ਦੇ ਕਰਿੰਦੇ ਰਵੀ ਵਾਸੀ ਹੰਧੋਵਾਲ (ਹੁਸ਼ਿਆਰਪੁਰ) ਨੇ ਦੱਸਿਆ ਕਿ ਐਤਵਾਰ ਕੋਈ ਸਵਾ ਕੁ ਦਸ ਵਜੇ ਮੈਂ ਦੁਕਾਨ ਵਿਚ ਧੂਫਬੱਤੀ ਕਰਨ ਲੱਗਾ ਹੀ ਸੀ ਤਾਂ ਬਾਹਰੋਂ ਪਟਾਕੇ ਚੱਲਣ ਦੀ ਆਵਾਜ਼ ਆਈ। ਉਸ ਨੇ ਸੋਚਿਆ ਕਿ ਸ਼ਾਇਦ ਬਾਬਾ ਅਜੀਤ ਸਿੰਘ ਦੇ ਜਨਮ ਦਿਹਾੜੇ ’ਤੇ ਮਾਹਿਲਪੁਰ ਵਿੱਚ ਨਗਰ ਕੀਰਤਨ ਦੌਰਾਨ ਪਟਾਕੇ ਚੱਲ ਰਹੇ ਹਨ, ਜਦਕਿ ਤਿੰਨ ਨੌਜਵਾਨ ਦੁਕਾਨ ਮੋਹਰੇ ਲੱਗੇ ਬੋਰਡ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਰਹੇ ਸਨ। ਉਸੇ ਸਮੇਂ ਇਕ ਨੌਜਵਾਨ ਉਸ ਕੋਲ ਆਇਆ, ਜਿਸ ਕੋਲ ਰਿਵਾਲਵਰ ਸੀ ਤੇ ਆਪਣਾ ਮੂੰਹ ਮਫਰਲ ਨਾਲ ਢਕਿਆ ਹੋਇਆ ਸੀ। ਉਸ ਨੇ ਇਕ ਛੋਟੀ ਜਿਹੀ ਪਰਚੀ ਉਸ ਮੋਹਰੇ ਕਾਊਂਟਰ ’ਤੇ ਰੱਖ ਦਿੱਤੀ, ਜਿਸ ’ਤੇ ਪੰਜ ਕਰੋੜ ਰੁਪਏ ਲਿਖੇ ਹੋਏ ਸਨ ਤੇ ਥੱਲੇ ਲਿਖਿਆ ਹੋਇਆ ਸੀ, ਸੌਰਵ ਕੌਸਲ ਚੌਧਰੀ ਗਰੁੱਪ।
ਫੇਰ ਤਿੰਨੇ ਨੌਜਵਾਨ ਜਿਨ੍ਹਾਂ ਦੀ ਉਮਰ ਪੱਚੀ ਤੋਂ ਤੀਹ ਸਾਲ ਵਿਚਕਾਰ ਲੱਗਦੀ ਸੀ, ਆਪਣੇ ਮੋਟਰਸਾਈਕਲ ’ਤੇ ਅਰਾਮ ਨਾਲ ਚਲੇ ਗਏ। ਦੁਕਾਨ ਦੇ ਮਾਲਕ ਹਰਜੋਤ ਸਿੰਘ ਰਿਪੀ ਚਾਵਲਾ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਪਰ ਫਿਰ ਵੀ ਪਤਾ ਨਹੀਂ ਇਹ ਘਟਨਾ ਕਿਵੇਂ ਵਾਪਰ ਗਈ। ਐੱਸ ਐੱਚ ਓ ਮਾਹਿਲਪੁਰ ਰਮਨ ਕੁਮਾਰ ਨੇ ਪੁੱਛਣ ’ਤੇ ਦੱਸਿਆ ਕਿ ਕਰੀਬ ਅੱਠ ਰਾਊਂਡ ਚੱਲੇ ਹਨ, ਪਰ ਮਾਮਲੇ ਦੀ ਜਾਣਕਾਰੀ ਪੜਤਾਲ ਕਰਨ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ।