ਹਲਦਵਾਨੀ : ਉੱਤਰਾਖੰਡ ਸਰਕਾਰ ਨੇ ਤਿੰਨ ਦਿਨ ਪਹਿਲਾਂ ਇੱਥੋਂ ਦੇ ਬਨਭੂਲਪੁਰਾ ’ਚ ਕਥਿਤ ਗੈਰਕਾਨੂੰਨੀ ਮਦਰੱਸਾ ਤੋੜੇ ਜਾਣ ਮਗਰੋਂ ਭੜਕੀ ਹਿੰਸਾ ਦੇ ਮੱਦੇਨਜ਼ਰ ਸਥਿਤੀ ਨਾਲ ਨਜਿੱਠਣ ਲਈ ਹੋਰ ਕੇਂਦਰੀ ਬਲਾਂ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਤੋਂ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 100-100 ਜਵਾਨਾਂ ਵਾਲੀਆਂ ਚਾਰ ਕੰਪਨੀਆਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਹਿੰਸਾ ਪ੍ਰਭਾਵਤ ਬਨਭੂਲਪੁਰਾ ਇਲਾਕੇ ’ਚ ਕਾਨੂੰਨ ਵਿਵਸਥਾ ਕਾਇਮ ਰੱਖੀ ਜਾ ਸਕੇ। ਮੁੱਖ ਸਕੱਤਰ ਰਾਧਾ ਰਤੂੜੀ ਨੇ ਇਸ ਸੰਬੰਧੀ ਕੇਂਦਰ ਨੂੰ ਮੰਗ ਪੱਤਰ ਭੇਜ ਦਿੱਤਾ ਹੈ। ਦੂਜੇ ਪਾਸੇ ਬਨਭੂਲਪੁਰਾ ਇਲਾਕੇ ਨੂੰ ਛੱਡ ਕੇ ਹਲਦਵਾਨੀ ਦੇ ਬਾਕੀ ਹਿੱਸਿਆਂ ਵਿੱਚੋਂ ਕਰਫਿਊ ਹਟਾ ਲਿਆ ਗਿਆ ਹੈ। ਸ਼ਹਿਰ ਵਿੱਚ ਪਹਿਲਾਂ ਹੀ ਲੱਗਭੱਗ 1000 ਸੁਰੱਖਿਆ ਕਰਮੀ ਤਾਇਨਾਤ ਹਨ। ਸੰਵੇਦਨਸ਼ੀਲ ਸਥਿਤੀ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਵੀ ਬੰਦ ਹਨ।