ਮਥੁਰਾ : ਇੱਥੇ ਯਮੁਨਾ ਐੱਕਸਪ੍ਰੈੱਸ ਵੇਅ ਉੱਤੇ ਬੱਸ ਨਾਲ ਟਕਰਾਉਣ ਤੋਂ ਬਾਅਦ ਕਾਰ ’ਚ ਅੱਗ ਲੱਗਣ ਕਾਰਨ ਸੋਮਵਾਰ ਪੰਜ ਵਿਅਕਤੀ ਜ਼ਿੰਦਾ ਸੜ ਕੇ ਮਰ ਗਏ। ਬੱਸ ਦਾ ਟਾਇਰ ਫਟ ਗਿਆ ਸੀ ਤੇ ਉਹ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ। ਪਿੱਛੇ ਤੋਂ ਆ ਰਹੀ ਸਵਿਫਟ ਕਾਰ ਉਸ ਵਿਚ ਵੱਜੀ। ਦੋਹਾਂ ਵਾਹਨਾਂ ਨੂੰ ਅੱਗ ਲੱਗ ਗਈ। ਬੱਸ ਸਵਾਰ ਤਾਂ ਨਿਕਲਣ ’ਚ ਕਾਮਯਾਬ ਰਹੇ, ਪਰ ਕਾਰ ਸਵਾਰ ਨਹੀਂ ਨਿਕਲ ਸਕੇ।
ਅਮਰੀਕੀ ਰੱਖਿਆ ਮੰਤਰੀ ਮੁੜ ਹਸਪਤਾਲ ਦਾਖਲ
ਵਾਸ਼ਿੰਗਟਨ : ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੂੰ ਮਸਾਣੇ ਦੀ ਸਮੱਸਿਆ (ਬਲੈਡਰ) ਨਾਲ ਸੰਬੰਧਤ ਲੱਛਣਾਂ ਕਾਰਨ ਮੁੜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਆਸਟਿਨ ਦੇ ਦਸੰਬਰ ’ਚ ਪ੍ਰੋਸਟੇਟ (ਗਦੂਦ) ਕੈਂਸਰ ਦਾ ਪਤਾ ਲੱਗਿਆ ਸੀ।
ਕੈਨੇਡਾ ’ਚ ਪਿਓ ਦਾ ਕਤਲ
ਟੋਰਾਂਟੋ : ਕੈਨੇਡਾ ਦੇ ਓਂਟਾਰੀਓ ਸੂਬੇ ’ਚ 56 ਸਾਲਾ ਕੁਲਦੀਪ ਸਿੰਘ ਦਾ ਉਸ ਦੇ 22 ਸਾਲਾ ਬੇਟੇ ਸੁਖਜ ਸਿੰਘ ਚੀਮਾ ਨੇ ਸ਼ਨੀਵਾਰ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਹੈਮਿਲਟਨ ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸ਼ਾਮ ਕਰੀਬ 7:40 ਵਜੇ ਘਰ ਬੁਲਾਇਆ ਗਿਆ ਅਤੇ ਕੁਲਦੀਪ ਸਿੰਘ ਗੰਭੀਰ ਜ਼ਖਮੀ ਹਾਲਤ ’ਚ ਮਿਲਿਆ। ਹਸਪਤਾਲ ’ਚ ਉਸ ਦੀ ਮੌਤ ਹੋ ਗਈ। ਗਵਾਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਸੁਖਜ ਪਿਤਾ ਨਾਲ ਝਗੜਾ ਕਰਨ ਤੋਂ ਬਾਅਦ ਰਿਹਾਇਸ਼ ਤੋਂ ਗੱਡੀ ’ਚ ਬੈਠ ਕੇ ਫਰਾਰ ਹੋ ਗਿਆ।