ਜਲੰਧਰ (ਗਿਆਨ ਸੈਦਪੁਰੀ)
‘ਅਜੋਕੇ ਦੌਰ ਵਿੱਚ ਸਿਆਸੀ ਧਿਰਾਂ ਦੇ ਆਗੂਆਂ ਅੰਦਰ ਆਮ ਤੌਰ ’ਤੇ ਸਿਆਸੀ ਇਮਾਨਦਾਰੀ ਦੀ ਘਾਟ ਕਾਰਨ ਸਿਆਸੀ ਸਮਝੌਤੇ ਸਿਰੇ ਨਹੀ ਚੜ੍ਹਦੇ ਤੇ ਅਜਿਹੇ ਵਿੱਚ ਮੂਲਵਾਦੀ ਤੇ ਫਿਰਕੂ ਤਾਕਤਾਂ ਧਰਮ ਦਾ ਭਰਮ ਫੈਲਾਅ ਕੇ ਲਾਹਾ ਲੈ ਜਾਂਦੀਆਂ ਹਨ।’ ਲੋਕ ਸਭਾਈ ਚੋਣਾਂ ਦਾ ਸਮਾਂ ਨੇੜੇ ਆ ਜਾਣ ਦੇ ਮੱਦੇਨਜ਼ਰ ਰਾਜਸੀ ਪਾਰਟੀਆਂ ਦਰਮਿਆਨ ਸਮਝੌਤਿਆਂ ਦੇ ਟੁੱਟਣ-ਬਣਨ ਦੇ ਸੰਦਰਭ ਵਿੱਚ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਉਹ ਸੀ ਪੀ ਆਈ ਜਲੰਧਰ ਦੀ ਕਾਰਜਕਾਰਨੀ ਦੀ ਪਾਰਟੀ ਦਫ਼ਤਰ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਮੰਦਰ ਦੀ ਸਿਆਸਤ ਨਾਲ ਬਹੁਗਿਣਤੀ ਵਿੱਚ ਹਿੰਦੂ ਭਾਈਚਾਰੇ ਨੂੰ ਭਰਮਾਉਣ ਵਿੱਚ ਸਫਲ ਹੋਣ ਕਰਕੇ ਮੋਦੀ ਨੇ ਹੰਕਾਰ ਦੇ ਘੋੜੇ ’ਤੇ ਸਵਾਰ ਹੋ ਕੇ ਹਰ ਵਿਰੋਧੀ ਵੱਲ ਹਮਲਾਵਾਰੀ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਉਨ੍ਹਾ ਕਿਹਾ ਕਿ ਗਾਂਧੀ, ਸੁਭਾਸ਼ ਤੇ ਨਹਿਰੂ ਵਰਗੇ ਨੇਤਾਵਾਂ ਨੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਅਗਵਾਈ ਵਿੱਚ ਧਰਮ ਨਿਰਪੱਖ ਭਾਰਤੀ ਸੰਵਿਧਾਨ ਦੀ ਸਥਾਪਨਾ ਕੀਤੀ ਸੀ। ਭਾਜਪਾ ਅਤੇ ਕੇਂਦਰ ਸਰਕਾਰ ਉਸ ਸੰਵਿਧਾਨ ਦਾ ਨਿਰਾਦਰ ਕਰਨ ਦੇ ਰਾਹ ’ਤੇ ਤੁਰੀ ਹੋਈ ਹੈ, ਪਰ ਇੱਕ ਖਾਸ ਵਰਗ ਦੀਆਂ ਵੋਟਾਂ ਨੂੰ ਬਟੋਰਨ ਹਿੱਤ ਸੰਵਿਧਾਨ ਦੇ ਨਿਰਮਾਤਾ ਨੂੰ ਹੋਰਨਾਂ ਪੁਰਾਣੇ ਆਗੂਆਂ ਦਾ ਵਿਰੋਧੀ ਸਿੱਧ ਕਰਨ ਲਈ ਤਰਲੋਮੱਛੀ ਹੋਈ ਪਈ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਧਰਮ ਦੇ ਨਾਂਅ ’ਤੇ ਧਰੁਵੀਕਰਨ ਵਾਲੇ ਅਡੰਬਰੀਆਂ ਦੀ ਇੱਛਾ ਧਰਮ ਦਾ ਭਲਾ ਕਰਨ ਦੀ ਨਹੀਂ ਹੁੰਦੀ, ਸਗੋਂ ਇਸ ਦੇ ਪਿੱਛੇ ਸਰਮਾਏਦਾਰ ਤਾਕਤਾਂ ਹੁੰਦੀਆਂ ਹਨ, ਜੋ ਦੁਨੀਆ ਭਰ ਦਾ ਸਰਮਾਇਆ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਇਕੱਠਾ ਕਰਨ ਦੇ ਆਹਰ ਵਿੱਚ ਹਨ।
ਸਾਥੀ ਬਰਾੜ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਮੋਦੀ ਅਤੇ ਮੋਦੀ ਭਗਤਾਂ ਵੱਲੋਂ ਇਹ ਗੱਲ ਜ਼ੋਰ-ਸ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਭਾਰਤ ਦੁਨੀਆ ਦੀ ਵੱਡੀ ਆਰਥਕ ਸ਼ਕਤੀ ਬਣ ਗਿਆ ਹੈ। ਜਿੱਥੇ ਖ਼ੁਦਕੁਸ਼ੀਆਂ ਦਾ ਦੌਰ ਹੋਵੇ, ਬੇਰੁਜ਼ਗਾਰੀ ਨੇ ਵਿਰਾਟ ਰੂਪ ਧਾਰ ਲਿਆ ਹੋਵੇ, ਮਹਿੰਗਾਈ ਕਾਰਨ ਰਸੋਈਆਂ ਖਾਲੀ ਹੋ ਰਹੀਆਂ ਹੋਣ ਤਾਂ ਵੱਡੀ ਆਰਥਕ ਸ਼ਕਤੀ ਦਾ ਅਰਥ ਤਾਂ ਇਹ ਬਣਦਾ ਹੈ ਕਿ ਭਾਰਤ ਦਾ ਸਾਰਾ ਧਨ ਸਿਰਫ ਇੱਕ ਫੀਸਦੀ ਲੋਕਾਂ ਦੇ ਹੱਥਾਂ ਵਿੱਚ ਪਹੁੰਚ ਚੁੱਕਾ ਹੈ। ਕਾਂਗਰਸ ਪਾਰਟੀ ਦੀ ਗੱਲ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਕਾਰਨਾਟਕ ਅਤੇ ਹਿਮਾਚਲ ਜਿੱਤਣ ਤੋਂ ਬਾਅਦ ਇਹ ਵੀ ਸਾਰਾ ਭਾਰਤ ਇਕੱਲਿਆਂ ਜਿੱਤ ਲੈਣ ਦੇ ਭਰਮ ਦਾ ਸ਼ਿਕਾਰ ਹੋ ਗਈ। ਨਤੀਜਨ ਕਾਂਗਰਸ ਪਾਰਟੀ ਅੰਦਰ ਹੁਣ ਅਰਾਜਕਤਾ ਵਰਗੀ ਸਥਿਤੀ ਬਣੀ ਹੋਈ ਹੈ।
ਸੀ ਪੀ ਆਈ ਦੀ ਪੰਜਾਬ ਇਕਾਈ ਦੇ ਆਗੂ ਨੇ ਪੰਜਾਬ ਦੇ ਸਿਆਸੀ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਕਿ ਇੱਥੇ ਵੀ ਸਿਆਸੀ ਤਸਵੀਰ ਸਾਫ ਨਹੀਂ। ਕਾਂਗਰਸ ਪਾਰਟੀ ਨੇ ਖੱਬੀਆਂ ਧਿਰਾਂ ਨਾਲ ਚੋਣ ਗਠਜੋੜ ਜਾਂ ਚੋਣ ਸਮਝੌਤੇ ਦੀ ਗੱਲ ਟਾਲ ਦਿੱਤੀ ਹੈ। ਅਕਾਲੀ ਦਲ ਨੇ ਖੁਦ ਕਮਿਊਨਿਸਟਾਂ ਤੱਕ ਪਹੁੰਚ ਕੀਤੀ ਸੀ। ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨਾਲ ਵੀ ਸਿਆਸੀ ਗੱਲਬਾਤ ਹੋਈ ਹੈ। ਫਿਲਹਾਲ ਕਿਸੇ ਵੀ ਸਿਆਸੀ ਸਮਝੌਤੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਪੰਜਾਬ ਏਟਕ ਦੇ ਸਕੱਤਰ ਅਮਰਜੀਤ ਸਿੰਘ ਆਸਲ ਨੇ ਪੰਜਾਬ ਵਿੱਚ ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਗਰੀਬ ਲੋਕਾਂ ਨੂੰ ਕਰਜ਼ੇ ਦੇ ਮਕੜ ਜਾਲ ਵਿੱਚ ਫਸਾ ਕੇ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਗਰੀਬਾਂ ਦੇ ਕਰਜ਼ੇ ਦੇ ਸੰਬੰਧ ਵਿੱਚ ਏਟਕ ਵੱਲੋਂ ਵਿੱਢੀ ਗਈ ਮੁਹਿੰਮ ਦੀ ਗੱਲ ਕਰਦਿਆਂ ਆਸਲ ਨੇ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ਦਾਰਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ।ਸੀ ਪੀ ਆਈ ਜਲੰਧਰ ਦੀ ਐਗਜ਼ੈਕਟਿਵ ਦੀ ਮੀਟਿੰਗ ਦੀ ਪ੍ਰਧਾਨਗੀ ਤਰਸੇਮ ਜੰਡਿਆਲਾ ਨੇ ਕੀਤੀ।
ਵਿਚਾਰੇ ਗਏ ਹੋਰ ਮਸਲਿਆਂ ਤੋਂ ਇਲਾਵਾ 16 ਫਰਵਰੀ ਦੇ ਭਾਰਤ ਬੰਦ ਵਿੱਚ ਜੋਸ਼ੋ-ਖਰੋਸ਼ ਨਾਲ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਰਛਪਾਲ ਕੈਲੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਏ ਗਏ ਫੈਸਲਿਆਂ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ। ਮੀਟਿੰਗ ਵਿੱਚ ਮਹਿੰਦਰ ਪਾਲ ਮੁਹਾਲੀ, ਹਰਜਿੰਦਰ ਸਿੰਘ ਮੌਜੀ, ਸੰਤੋਸ਼ ਬਰਾੜ, ਮਹਿੰਦਰ ਘੋੜੇਬਾਹੀ, ਸੁਨੀਲ ਕੁਮਾਰ ਰਾਜੇਵਾਲ, ਸਿਕੰਦਰ ਸਮਾਇਲਪੁਰੀ, ਵੀਰ ਕੁਮਾਰ ਕਰਤਾਰਪੁਰ ਤੇ ਸੱਤਪਾਲ ਬੰਬੀਆਂਵਾਲ ਆਦਿ ਸ਼ਾਮਲ ਸਨ।