ਨਵੀਂ ਦਿੱਲੀ : ਕਾਂਗਰਸ ਨਾਲ ਸੀਟ ਸ਼ੇਅਰਿੰਗ ’ਤੇ ਗੱਲਬਾਤ ਅੱਗੇ ਨਾ ਵਧਣ ਤੋਂ ਨਾਰਾਜ਼ ਆਮ ਆਦਮੀ ਪਾਰਟੀ ਨੇ ਆਪਣਾ ਰੁਖ ਸਾਫ਼ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਾਹਮਣੇ ਆਪਣੀ ਸ਼ਰਤ ਰੱਖਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਮਨਜ਼ੂਰ ਨਾ ਕੀਤੇ ਜਾਣ ’ਤੇ ਪਾਰਟੀ ਇਕੱਲਿਆਂ ਚੋਣ ਲੜੇਗੀ। ਪੁਲੀਟੀਕਲ ਅਫ਼ੇਅਰਜ਼ ਕਮੇਟੀ (ਪੀ ਏ ਸੀ) ਦੀ ਮੀਟਿੰਗ ਤੋਂ ਬਾਅਦ ਆਪ ਨੇ ਦਿੱਲੀ ’ਚ ਕਾਂਗਰਸ ਨੂੰ ਸਿਰਫ਼ ਇੱਕ ਸੀਟ ਦੇਣ ਦੀ ਪੇਸ਼ਕਸ਼ ਕੀਤੀ ਹੈ ਤੇ ਗੁਜਰਾਤ ’ਚ 8 ਸੀਟਾਂ ’ਤੇ ਦਾਅਵਾ ਠੋਕਿਆ ਹੈ। ਆਮ ਆਦਮੀ ਪਾਰਟੀ ਨੇ ਗੋਆ ਅਤੇ ਗੁਜਰਾਤ ਦੀਆਂ ਤਿੰਨ ਸੀਟਾਂ ’ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਕਿਹਾ ਕਿ ਦਿੱਲੀ ’ਚ ਕਾਂਗਰਸ ਨੇ ਪ੍ਰਸਤਾਵ ਮਨਜ਼ੂਰ ਨਾ ਕੀਤਾ ਤਾਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਦੀਪ ਪਾਠਕ ਨੇ ਕਿਹਾ ਕਿ ‘ਇੰਡੀਆ’ ਗਠਜੋੜ ਦੇ ਵਿਚਾਰਾਂ ਨਾਲ ਪੂਰਾ ਦੇਸ਼ ਉਤਸ਼ਾਹਤ ਹੋਇਆ ਸੀ। ਬਹੁਤ ਵੱਡੇ ਵਰਗ ’ਚ ਉਮੀਦ ਜਾਗੀ ਸੀ। ‘ਇੰਡੀਆ’ ਗਠਜੋੜ ਦਾ ਉਦੇਸ਼ ਸੀ ਕਿ ਸਾਰੇ ਆਪੋਜ਼ੀਸ਼ਨ ਦਲ ਆਪਣੇ ਸਿਆਸੀ ਹਿੱਤਾਂ ਦੀ ਚਿੰਤਾ ਛੱਡ ਕੇ ਦੇਸ਼ ਹਿੱਤ ’ਚ ਇਕੱਠੇ ਲੜਨ ਅਤੇ ਦੇਸ਼ ਨੂੰ ਚੰਗੀ ਸਰਕਾਰ ਦੇਣ। ਉਨ੍ਹਾ ਕਿਹਾ ਕਿ ਕਾਂਗਰਸ ਨਾਲ ਸੀਟ ਸ਼ੇਅਰਿੰਗ ’ਤੇ ਦੋ ਅਧਿਕਾਰਤ ਮੀਟਿੰਗਾਂ ਹੋਈਆਂ, ਪਰ ਨਤੀਜਾ ਨਹੀਂ ਨਿਕਲਿਆ।