ਸਪੋਰਟਸ ਕੋਡ ਦਾ ਖਰੜਾ ਤਿਆਰ

0
166

ਚੰਡੀਗੜ੍ਹ : ਪੰਜਾਬ ਨੂੰ ਖੇਡਾਂ ਦੇ ਖੇਤਰ ’ਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਖੇਡਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਖੇਡ ਐਸੋਸੀਏਸ਼ਨਾਂ ਲਈ ਸਪੋਰਟਸ ਕੋਡ ਬਣਾਇਆ ਜਾ ਰਿਹਾ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਖੇਡਾਂ ਦੀ ਬਿਹਤਰੀ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਸੂਬੇ ਅੰਦਰ ਚੱਲ ਰਹੀਆਂ ਖੇਡਾਂ ਦੀਆਂ ਐਸੋਸੀਏਸ਼ਨਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਖੇਡ ਵਿਭਾਗ ਵੱਲੋਂ ਮਾਹਰਾਂ ਦੀ ਰਾਏ ਨਾਲ ਸਪੋਰਟਸ ਕੋਡ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ। ਇਸ ਕੋਡ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਦੀ ਰਾਏ ਵੀ ਮੰਗੀ ਗਈ ਹੈ, ਤਾਂ ਜੋ ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। ਮੀਤ ਹੇਅਰ ਨੇ ਦੱਸਿਆ ਕਿ ਸਪੋਰਟਸ ਕੋਡ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਖੇਡਾਂ ਨਾਲ ਜੁੜੇ ਲੋਕਾਂ, ਐਸੋਸੀਏਸ਼ਨਾਂ ਅਤੇ ਆਮ ਲੋਕਾਂ ਤੋਂ ਸੁਝਾਅ ਲੈਣ ਲਈ ਇਸ ਕੋਡ ਦੇ ਖਰੜੇ ਦੀ ਕਾਪੀ ਵਿਭਾਗ ਦੀ ਵੈੱਬਸਾਈਟ ਉਪਰ ਅਪਲੋਡ ਕੀਤੀ ਗਈ ਹੈ। ਕੋਈ ਵੀ ਚਾਹਵਾਨ ਵਿਅਕਤੀ 10 ਮਾਰਚ ਤੱਕ ਕੋਡ ਸੰਬੰਧੀ ਵਿਭਾਗ ਦੀ ਈਮੇਲ ਉਪਰ ਸੁਝਾਅ ਦੇ ਸਕਦਾ ਹੈ। ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਵੀਂ ਖੇਡ ਨੀਤੀ ਵੀ ਖੇਡ ਮਾਹਰਾਂ ਦੀ ਰਾਏ ਨਾਲ ਆਮ ਲੋਕਾਂ ਦੇ ਸੁਝਾਅ ਲੈਣ ਤੋਂ ਬਾਅਦ ਲਾਗੂ ਕੀਤੀ ਹੈ, ਜਿਸ ਦੇ ਏਸ਼ੀਆਈ ਖੇਡਾਂ ’ਚ ਚੰਗੇ ਨਤੀਜੇ ਸਾਹਮਣੇ ਆਏ, ਜਦੋਂ ਪੰਜਾਬ ਦੇ ਖਿਡਾਰੀਆਂ ਨੇ 72 ਸਾਲ ਦਾ ਰਿਕਾਰਡ ਤੋੜਦਿਆਂ ਪਹਿਲੀ ਵਾਰ 20 ਤਗਮੇ ਜਿੱਤੇ।

LEAVE A REPLY

Please enter your comment!
Please enter your name here