ਨਵੀਂ ਦਿੱਲੀ : ਸੋਨੀਆ ਗਾਂਧੀ ਨੇ ਆਪਣੇ ਸੰਸਦੀ ਖੇਤਰ ਰਾਏਬਰੇਲੀ ਦੇ ਲੋਕਾਂ ਦੇ ਨਾਂਅ ਪੱਤਰ ਲਿਖ ਕੇ ਕਿਹਾ ਹੈ ਕਿ ਸਿਹਤ ਅਤੇ ਵਧਦੀ ਉਮਰ ਦੇ ਚੱਲਦੇ ਉਹ ਲੋਕਸਭਾ ਚੋਣਾਂ ਨਹੀਂ ਲੜੇਗੀ। ਉਸ ਨੇ ਆਪਣੇ ਰਾਜਨੀਤਕ ਜੀਵਨ ਨੂੰ ਲੈ ਕੇ ਰਾਏਬਰੇਲੀ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਚਾਹੇ ਅੱਗੇ ਸਿੱਧੇ ਤੌਰ ’ਤੇ ਉਨ੍ਹਾਂ ਦੀ ਨੁਮਾਇੰਦਗੀ ਨਾ ਕਰੇ, ਪਰ ਉਸ ਦਾ ਮਨ, ਪ੍ਰਾਣ ਸਦਾ ਉਥੋਂ ਦੇ ਲੋਕਾਂ ਦੇ ਨਾਲ ਰਹਿਣਗੇ।
ਸੋਨੀਆ ਨੇ ਪੱਤਰ ’ਚ ਲਿਖਿਆ ਹੈ-ਮੇਰਾ ਪਰਵਾਰ ਦਿੱਲੀ ’ਚ ਅਧੂਰਾ ਹੈ। ਉਹ ਰਾਏਬਰੇਲੀ ਹੈ। ਉਹ ਰਾਏਬਰੇਲੀ ਆ ਕੇ ਤੁਹਾਡੇ ਨਾਲ ਮਿਲ ਕੇ ਪੂਰਾ ਹੁੰਦਾ ਹੈ। ਇਹ ਰਿਸ਼ਤਾ ਬਹੁਤ ਪੁਰਾਣਾ ਹੈ ਅਤੇ ਆਪਣੇ ਸਹੁਰੇ ਪਰਵਾਰ ਤੋਂ ਮੈਨੂੰ ਕਿਸਮਤ ਵਜੋਂ ਮਿਲਿਆ ਹੈ। ਰਾਏਬਰੇਲੀ ਨਾਲ ਸਾਡੇ ਪਰਵਾਰ ਦੇ ਰਿਸ਼ਤੇ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਆਜ਼ਾਦੀ ਤੋਂ ਬਾਅਦ ਹੋਈਆਂ ਪਹਿਲੀਆਂ ਲੋਕਸਭਾ ਚੋਣਾਂ ’ਚ ਤੁਸੀਂ ਮੇਰੇ ਸਹੁਰੇ ਫਿਰੋਜ਼ ਗਾਂਧੀ ਨੂੰ ਜਿਤਾ ਕੇ ਦਿੱਲੀ ਭੇਜਿਆ। ਉਨ੍ਹਾ ਤੋਂ ਬਾਅਦ ਮੇਰੀ ਸੱਸ ਇੰਦਰਾ ਗਾਂਧੀ ਨੂੰ ਤੁਸੀਂ ਆਪਣਾ ਬਣਾ ਲਿਆ। ਉਦੋਂ ਤੋਂ ਲੈ ਕੇ ਹੁਣ ਤੱਕ ਸਿਲਸਿਲਾ ਜ਼ਿੰਦਗੀ ਦੇ ਉਤਾਰ-ਚੜ੍ਹਾਅ ਅਤੇ ਮੁਸ਼ਕਲ-ਭਰੀਆਂ ਰਾਹਾਂ ’ਤੇ ਪਿਆਰ ਅਤੇ ਜੋਸ਼ ਦੇ ਨਾਲ ਲੱਗੇ ਵਧਦਾ ਗਿਆ ਅਤੇ ਇਸ ’ਤੇ ਸਾਡੀ ਆਸਥਾ ਮਜ਼ਬੂਤ ਹੁੰਦੀ ਗਈ।
ਇਸੇ ਰੌਸ਼ਨ ਰਸਤੇ ’ਤੇ ਤੁਸੀਂ ਮੈਨੂੰ ਵੀ ਚੱਲਣ ਦੀ ਜਗ੍ਹਾ ਦਿੱਤੀ। ਸੱਸ ਅਤੇ ਜੀਵਨ ਸਾਥੀ ਨੂੰ ਹਮੇਸ਼ਾ ਲਈ ਗੁਆ ਕੇ ਮੈਂ ਤੁਹਾਡੇ ਕੋਲ ਆਈ ਅਤੇ ਤੁਸੀਂ ਆਪਣਾ ਆਂਚਲ ਮੇਰੇ ਲਈ ਫੈਲਾਅ ਦਿੱਤਾ। ਪਿਛਲੀਆਂ ਦੋ ਚੋਣਾਂ ’ਚ ਮੁਸ਼ਕਲ ਸਥਿਤੀਆਂ ’ਚ ਵੀ ਤੁਸੀਂ ਇੱਕ ਚੱਟਾਨ ਦੀ ਤਰ੍ਹਾਂ ਮੇਰੇ ਨਾਲ ਖੜ੍ਹੇ ਰਹੇ, ਮੈਂ ਇਹ ਕਦੇ ਵੀ ਭੁੱਲ ਨਹੀਂ ਸਕਦੀ। ਇਹ ਕਹਿੰਦੇ ਹੋਏ ਮੈਨੂੰ ਗਰਵ ਹੈ ਕਿ ਅੱਜ ਮੈਂ ਜੋ ਵੀ ਹਾਂ, ਤੁਹਾਡੀ ਬਦੌਲਤ ਹਾਂ, ਮੈਂ ਇਸ ਭਰੋਸੇ ਨੂੰ ਨਿਭਾਉਣ ਦੀ ਹਰ ਸਮੇਂ ਕੋਸ਼ਿਸ਼ ਕੀਤੀ। ਪੱਤਰ ਦੇ ਆਖਰ ’ਚ ਸੋਨੀਆ ਨੇ ਰਾਏਬਰੇਲੀ ਦੇ ਲੋਕਾਂ ਨੂੰ ਜਲਦ ਮਿਲਣ ਦਾ ਵਾਅਦਾ ਕੀਤਾ।





