ਪਟਨਾ : ਡਰਾਈ ਸਟੇਟ ਬਿਹਾਰ ਵਿਚ ਸ਼ਰਾਬ ਹਾਸਲ ਕਰਨ ਲਈ ਨਵੇਕਲੇ ਤਰੀਕੇ ਇਸਤੇਮਾਲ ਕਰਨ ਦੀਆਂ ਖਬਰਾਂ ਆਉਦੀਆਂ ਰਹਿੰਦੀਆਂ ਹਨ। ਟੈਂਕਰਾਂ, ਟਰੱਕਾਂ, ਟਰੈਕਟਰਾਂ, ਐਂਬੂਲੈਂਸਾਂ, ਬੱਸਾਂ, ਕਾਰਾਂ ਤੇ ਮੋਟਰਸਾਈਕਲਾਂ ਦੀ ਲੰਬੀ ਲਿਸਟ ਵਿਚ ਹੁਣ ਬੈਲ ਗੱਡੀ ਵੀ ਸ਼ਾਮਲ ਹੋ ਗਈ ਹੈ। ਗੋਪਾਲਗੰਜ ਜ਼ਿਲ੍ਹੇ ਦੇ ਐਕਸਾਈਜ਼ ਅਫਸਰ ਬੈਲ ਗੱਡੀ ਰਾਹੀਂ ਸ਼ਰਾਬ ਦੀ ਸਮੱਗਲਿੰਗ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਬੈਲ ਗੱਡੀ ਨੇ ਉਨ੍ਹਾਂ ਕੋਲੋਂ ਲੰਘ ਜਾਣਾ ਸੀ ਪਰ ਸ਼ੱਕ ਪੈਣ ’ਤੇ ਰੁਕਵਾ ਲਈ। ਸਮੱਗਲਰ ਭੱਜ ਗਏ ਪਰ ਪੰਜ ਲੱਖ ਰੁਪਏ ਦੀ ਸ਼ਰਾਬ ਹੱਥ ਲੱਗ ਗਈ। ਸ਼ਰਾਬ ਤੋਂ ਇਲਾਵਾ ਉਨ੍ਹਾਂ ਨੇ ਗੱਡੀ ਤੇ ਦੋ ਬਲਦ ਕਬਜ਼ੇ ਵਿਚ ਲੈ ਲਏ। ਜਦੋਂ ਜ਼ਬਤ ਮਾਲ ਬਾਰੇ ਵੀਰਵਾਰ ਕੋਰਟ ਨੂੰ ਜਾਣਕਾਰੀ ਦਿੱਤੀ ਗਈ ਤਾਂ ਕੋਰਟ ਨੇ ਕਿਹਾ ਕਿ ਬਲਦ ਦੇਖਭਾਲ ਲਈ ਕਿਸੇ ਨੂੰ ਸੌਂਪ ਦਿਓ।





