ਹੈਦਰਾਬਾਦ (ਗਿਆਨ ਸੈਦਪੁਰੀ)
‘ਭਾਰਤ ਦੇ ਮੌਜੂਦਾ ਸੰਵਿਧਾਨ ਅਤੇ ਮਨੂਸਿਮਰਤੀ ਦਾ ਤੁਲਨਾਤਮਿਕ ਅਧਿਐਨ ਕਰਨ ’ਤੇ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪਹਿਲਾ ਤਾਂ ਦੇਸ਼ ਵਾਸੀਆਂ ਨੂੰ ਅੱਗੇ ਵੱਲ ਲਿਜਾਣ ਦਾ ਸੰਕਲਪ ਹੈ, ਪਰ ਦੂਸਰਾ ਲੋਕਾਂ ਨੂੰ ਪਿਛਲਖੁਰੀ ਮੁੜਨ ਲਈ ਅਗਵਾਈ ਕਰਦਾ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਵੀ ਐੱਸ ਨਿਰਮਲ ਜਨਰਲ ਸਕੱਤਰ ਆਲ ਇੰਡੀਆ ਦਲਿਤ ਰਾਈਟਸ ਮੂਵਮੈਂਟ ਨੇ ਕੀਤਾ। ਉਹ ਐਤਵਾਰ ਇਥੇ ਸਥਿਤ ਤਿਲੰਗਾਨਾ ਸਟੇਟ ਯੂਨੀਅਨ ਆਫ ਵਰਕਿੰਗ ਜਰਨਲਿਸਟ ਦੇ ਹਾਲ ਵਿੱਚ ਆਯੋਜਿਤ ‘ਮਨੂਸਿਮਰਤੀ, ਦਲਿਤ ਅਤੇ ਭਾਰਤੀ ਸੰਵਿਧਾਨ’ ਵਿਸ਼ੇ ’ਤੇ ਹੋਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਆਲ ਇੰਡੀਆ ਦਲਿਤ ਰਾਈਟਸ ਮੂਵਮੈਂਟ ਦੀ ਨੈਸ਼ਨਲ ਕਮੇਟੀ ਦੀ ਮੀਟਿੰਗ ਦੀ ਸ਼ੁਰੂਆਤ (ਜੋ 19 ਅਤੇ 20 ਫਰਵਰੀ ਨੂੰ ਹੋਣੀ ਹੈ) ਤੋਂ ਪਹਿਲਾਂ ‘ਦਲਿਤਾ ਹਕਾਲੂ ਪੋਰਾਟਾ ਸੰਮਤੀ’ ਤਿਲੰਗਾਨਾ ਵੱਲੋ ਇਹ ਸੈਮੀਨਰ ਕਰਵਾਇਆ ਗਿਆ। ਸ੍ਰੀ ਨਿਰਮਲ ਨੇ ਕਿਹਾ ਕਿ ਬੇਸ਼ੱਕ ਭਾਰਤੀ ਸੰਵਿਧਾਨ ਸਿਧਾਂਤਕ ਤੌਰ ’ਤੇ ਦਲਿਤ ਵਰਗ ਨੂੰ ਕਾਫੀ ਰਾਹਤ ਦੇਣ ਵਾਲਾ ਹੈ, ਪਰ ਇਸ ਵਿੱਚ ਨੀਤੀ ਨਿਰਦੇਸ਼ ਸਿਧਾਂਤ ਸੱਚੇ ਮਨੋ ਲਾਗੂ ਹੀ ਨਹੀਂ ਕੀਤੇ ਗਏ। ਇਸ ਲਈ ਦਲਿਤ ਵਰਗ ਦੀ ਹੋਣੀ ਇਹ ਹੈ ਕਿ ਇਹ ਦੁੱਖਾਂ ਵਿੱਚ ਹੀ ਪੈਦਾ ਹੁੰਦੇ ਹਨ ਅਤੇ ਦੁੱਖਾਂ ਵਿੱਚ ਹੀ ਖਤਮ ਹੋ ਜਾਂਦੇ ਹਨ। ਸੰਵਿਧਾਨ ਵਿੱਚ ਦਰਜ ਰਾਖਵੇਂਕਰਨ ਨੂੰ ਖਤਮ ਕਰਨ ਦੀ ਪੂਰੀ ਵਾਹ ਲਾਈ ਜਾ ਰਹੀ ਹੈ। ਸੰਵਿਧਾਨ ਦੀ ਥਾਂ ਦੇਸ਼ ਵਿੱਚ ਮਨੂਸਿਮਰਤੀ ਨੂੰ ਲਾਗੂ ਕਰਨ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਹਿੰਦੂਤਵ ਇੱਕ ਜੀਵਨ ਪੱਧਤੀ ਹੈ, ਪਰ ਦਲਿਤ ਇਸ ਜੀਵਨ ਪੱਧਤੀ ਦਾ ਕਰੂਪ ਚਿਹਰਾ ਹੰਢਾ ਚੁੱਕੇ ਹਨ, ਜਦੋਂ ਉਨ੍ਹਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਦਿੱਤਾ ਜਾਂਦਾ ਸੀ ਅਤੇ ਪੂਰੀ ਤਰ੍ਹਾਂ ਸਾਧਨ ਵਿਹੂਣੇ ਬਣਾ ਦਿੱਤਾ ਗਿਆ ਸੀ। ਹੁਣ ਉਹ ਇਹ ਪੱਧਤੀ ਕਦੇ ਵੀ ਸਵੀਕਾਰ ਨਹੀਂ ਕਰਨਗੇ।
ਸੀ ਪੀ ਆਈ ਤਿੰਲਗਾਨਾ ਰਾਜ ਦੀ ਇਕਾਈ ਦੇ ਸਾਬਕਾ ਸਕੱਤਰ ਅਤੇ ਸਾਬਕਾ ਵਿਧਾਇਕ ਚੱਡਾ ਵੈਂਕਟ ਰੈਡੀ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੋਚਣ ਦਾ ਵੇਲਾ ਹੈ ਕਿ ਕਿੰਨੀ ਦੇਰ ਤੋਂ ਭਾਰਤ ਵਿੱਚ ਸੰਵਿਧਾਨ ਲਾਗੂ ਹੈ, ਪਰ ਅਜੇ ਵੀ ਇਸ ਤਰ੍ਹਾਂ ਦੇ ਸੈਮੀਨਾਰ ਕਰਨੇ ਪੈ ਰਹੇ ਹਨ। ਪਿੰਡ ਦੇ ਸਰਪੰਚ ਬਣਨ ਤੋਂ ਲੈ ਕੇ ਵਿਧਾਇਕ ਅਤੇ ਸੀ ਪੀ ਆਈ ਦੀ ਸੂਬਾ ਲੀਡਰਸ਼ਿਪ ਵਿੱਚ ਪ੍ਰਮੁੱਖ ਅਹੁਦਾ ਸੰਭਾਲਣ ਤੱਕ ਦਾ ਸਫਰ ਕਰਨ ਵਾਲੇ ਰੈਡੀ ਨੇ ਇੰਦਰਾ ਗਾਂਧੀ ਦੇ ਰਾਜ ਕਾਲ ਤੋਂ ਲੈ ਕੇ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਵੱਲ ਵਧਣ ਦੇ ਦੌਰ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਇੰਦਰਾ ਗਾਂਧੀ ਗਰੀਬੀ ਹਟਾਓ ਅਤੇ ਮੋਦੀ ਦੇ ‘ਅੱਛੇ ਦਿਨ ਆਉਣ’ ਦੇ ਭਰਮ-ਭੁਲੇਖੇ ਨੇ ਦਲਿਤ ਵਰਗ ਨੂੰ ਗੁੰਮਰਾਹ ਕਰਕੇ ਹੁਣ ਤੱਕ ਧ੍ਰੋਹ ਕਮਾਇਆ ਹੈ। ਰੈਡੀ ਨੇ ਸਟੇਜ ’ਤੇ ਬਿਰਾਜਮਾਨ ਆਲ ਇੰਡੀਆ ਦਲਿਤ ਰਾਈਟਸ ਮੂਵਮੈਂਟ ਦੇ ਪ੍ਰਧਾਨ ਕੇ. ਰਾਮਾਮੂਰਤੀ ਅਤੇ ਵੀ. ਐੱਸ ਨਿਰਮਲ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਪਾਰਟੀ ਦੀ ਨੈਸ਼ਨਲ ਕੌਂਸਲ ਵਿੱਚ ਮਤਾ ਪਾਸ ਕਰਵਾ ਕੇ ਦਲਿਤਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਮਨੂਸਿਮਰਤੀ ਸੋਚ ਨੂੰ ਭਾਂਜ ਦੇਣ ਲਈ ਪਿੰਡ ਪੱਧਰ ਤੋਂ ਕੌਮੀ ਪੱਧਰ ਤੱਕ ਸੰਘਰਸ਼ ਦਾ ਬਿਗਲ ਵਜਾਇਆ ਜਾਵੇ। ਕਮਿਊਨਿਸਟ ਆਗੂ ਨੇ ਮੋਦੀ ਸਰਕਾਰ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਦੇਸ਼ ਵਿੱਚ ‘ਬੀ ਜੇ ਪੀ ਹਟਾਓ, ਦੇਸ਼ ਬਚਾਓ’ ਦਾ ਨਾਹਰਾ ਲੱਗ ਚੁੱਕਾ ਹੈ। ਇਸ ਨਾਹਰੇ ਤਹਿਤ ਸੰਘਰਸ਼ ਅੱਗੇ ਵਧਣਗੇ ਤੇ ਤਾਨਾਸ਼ਾਹੀ ਦਾ ਰਾਹ ਰੋਕਣਗੇ।
ਸੈਮੀਨਾਰ ਨੂੰ ਆਲ ਇੰਡੀਆ ਦਲਿਤ ਰਾਈਟਸ ਮੂਵਮੈਂਟ ਦੇ ਪ੍ਰਧਾਨ ਕੇ ਰਾਮਾਮੂਰਤੀ ਅਤੇ ਕੁਝ ਹੋਰ ਸਥਾਨਕ ਆਗੂਆਂ ਨੇ ਵੀ ਸੰਬੋਧਨ ਕੀਤਾ। ‘ਦਲਿਤਾਂ ਹਾਕੂਲਾ ਪੋਰਾਤਾ ਸੰਮਤੀ ਤਿਲੰਗਾਨਾ’ ਦੇ ਪ੍ਰਧਾਨ ਏ ਸੂ. ਰਤਨਮ ਨੇ ਬੁੱਧ, ਮਾਰਕਸ ਤੇ ਡਾ. ਭੀਮ ਰਾਓ ਅੰਬੇਡਕਰ ਦੇ ਦੱਸੇ ਰਾਹ ’ਤੇ ਤੁਰਨ ਲਈ ਪ੍ਰੇਰਨਾ ਦਿੰਦਿਆਂ ਕਿਹਾ ਕਿ ਇਹੀ ਸਮਾਂ ਹੈ, ਜਦੋਂ ਦਲਿਤ ਵਰਗ ਦੀਆਂ ਜਿਊਣ ਹਾਲਤਾਂ ਨੂੰ ਬਿਹਤਰ ਬਣਾਉਣ ਲਈ ਹੰਭਲਾ ਮਾਰਿਆ ਜਾ ਸਕਦਾ ਹੈ।
ਸੈਮੀਨਾਰ ਦੀ ਪ੍ਰਧਾਨਗੀ ਕਰਨ ਵਾਲਿਆਂ ਵਿੱਚ ਚੱਡਾ ਵੈਂਕਟ ਰੈਡੀ, ਕੇ. ਰਾਮਾਮੂਰਤੀ, ਦੇਵੀ ਕੁਮਾਰੀ ਸਰਹਾਲੀ ਕਲਾਂ ਅਤੇ ਰਤਨਾ ਕੁਮਾਰੀ ਆਦਿ ਸ਼ਾਮਲ ਸਨ। ਖਬਰ ਲਿਖੇ ਜਾਣ ਵੇਲੇ ਤੱਕ ਆਲ ਇੰਡੀਆ ਦਲਿਤ ਰਾਈਟਸ ਮੂਵਮੈਂਟ ਦੀ ਨੈਸ਼ਨਲ ਕਮੇਟੀ ਮੈਂਬਰਾਂ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਸੀ। ਇਸ ਦਾ ਉਦਘਾਟਨ ਮੱਲਾਪੱਲੀ ਲਕਸਮਈਆ ਨੇ ਕੀਤਾ, ਜੋ 20 ਫਰਵਰੀ ਤੱਕ ਚੱਲੇਗੀ।





