‘ਇੰਡੀਆ’ ਦੀ ਭਾਜਪਾ ’ਤੇ ਪਹਿਲੀ ਵੱਡੀ ਫਤਿਹ

0
150

ਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲੀ ਵੱਡੀ ਫਤਿਹ ਹਾਸਲ ਕੀਤੀ, ਜਦੋਂ ਸੁਪਰੀਮ ਕੋਰਟ ਨੇ ਮੰਗਲਵਾਰ 30 ਜਨਵਰੀ ਦਾ ਭਾਜਪਾ ਉਮੀਦਵਾਰ ਨੂੰ ਜਿਤਾਉਣ ਵਾਲਾ ਨਤੀਜਾ ਵਗਾਹ ਕੇ ਪਰ੍ਹੇ ਮਾਰਦਿਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਮੇਅਰ ਐਲਾਨਿਆ।
ਕੋਰਟ ਨੇ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਵੱਲੋਂ ਨਾਜਾਇਜ਼ ਕਰਾਰ ਦਿੱਤੀਆਂ 8 ਵੋਟਾਂ ਜਾਇਜ਼ ਤੇ ਕੁਲਦੀਪ ਕੁਮਾਰ ਦੇ ਹੱਕ ਵਿਚ ਪਈਆਂ ਕਰਾਰ ਦਿੱਤੀਆਂ। ਇਸ ਤਰ੍ਹਾਂ ਕੁਲਦੀਪ ਕੁਮਾਰ ਦੀਆਂ ਵੋਟਾਂ 20 ਹੋ ਗਈਆਂ। ਇਸ ਤੋਂ ਪਹਿਲਾਂ ਮਸੀਹ ਨੇ ਭਾਜਪਾ ਦੇ ਮਨੋਜ ਸੋਨਕਰ ਨੂੰ 16-12 ਨਾਲ ਜੇਤੂ ਐਲਾਨਿਆ ਸੀ, ਜਿਸ ਨੂੰ ਆਪੋਜ਼ੀਸ਼ਨ ਨੇ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵਿਚ ਚੈਲੰਜ ਕੀਤਾ ਸੀ।
ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ, ਜਿਸ ਵਿਚ ਜਸਟਿਸ ਜੇ ਬੀ ਪਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ, ਨੇ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਹਦਾਇਤ ਕੀਤੀ ਕਿ ਉਹ ਕੋਰਟ ਅੱਗੇ ਝੂਠਾ ਬਿਆਨ ਦੇਣ ’ਤੇ ਅਨਿਲ ਮਸੀਹ ਖਿਲਾਫ ਝੂਠੀ ਸਹੁੰ ਖਾਣ ਦਾ ਮਾਮਲਾ ਚਲਾਉਣ। ਜ਼ਾਬਤਾ ਫੌਜਦਾਰੀ ਦੀ ਦਫਾ 340 ਤਹਿਤ ਇਹ ਮਾਮਲਾ ਇਸ ਕਰਕੇ ਚੱਲੇਗਾ, ਕਿਉਕਿ ਉਸ ਨੇ ਕੋਰਟ ਨੂੰ ਦੱਸਿਆ ਸੀ ਕਿ ਉਸ ਨੇ 8 ਬੈਲਟ ਪੇਪਰਾਂ ’ਤੇ ਕਾਟੇ ਇਸ ਕਰਕੇ ਮਾਰੇ ਸਨ, ਕਿਉਕਿ ਉਨ੍ਹਾਂ ਦੀ ਸ਼ਕਲ ਵਿਗੜੀ ਹੋਈ ਸੀ। ਕੋਰਟ ਨੇ ਪਾਇਆ ਕਿ ਬੈਲਟ ਪੇਪਰਾਂ ਦੀ ਨਤੀਜਾ ਐਲਾਨੇ ਜਾਣ ਤੱਕ ਸ਼ਕਲ ਨਹੀਂ ਵਿਗਾੜੀ ਗਈ ਸੀ। ਸੁਣਵਾਈ ਦੌਰਾਨ ਚੀਫ ਜਸਟਿਸ ਨੇ ਮਸੀਹ ’ਤੇ ਵਰ੍ਹਦਿਆਂ ਕਿਹਾ ਕਿ ਕਿਸ ਨੇ ਕਿਹਾ ਸੀ ਕਿ ਉਹ ਕਾਟਾ ਮਾਰ ਦੇਵੇ, ਕਿਉਕਿ ਬੈਲਟ ਪੇਪਰਾਂ ਦੀ ਸ਼ਕਲ ਵਿਗੜੀ ਹੋਈ ਹੈ। (ਯਾਦ ਰਹੇ ਅਨਿਲ ਮਸੀਹ ਭਾਜਪਾ ਦਾ ਮੈਂਬਰ ਹੈ)

LEAVE A REPLY

Please enter your comment!
Please enter your name here