20.9 C
Jalandhar
Saturday, October 19, 2024
spot_img

ਕੈਪਟਨ ਨੇ ਨਿੱਜੀ ਸਵਾਰਥ ਲਈ ਮੋਦੀ ਨਾਲ ਕੀਤੀ ਮੁਲਾਕਾਤ : ਬਰਸਟ

ਮੋਹਾਲੀ (ਗੁਰਜੀਤ ਬਿੱਲਾ)- ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੀਆਂ ਪੰਜਾਬ ਦੀ ਰਾਜਨੀਤੀ ਵਿੱਚ ਵਿਚਰਦੇ ਆਏ ਹਨ। ਇਸ ਦਾ ਸਬੂਤ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਨੇ ਕਿਸਾਨਾਂ ਦੇ ਹਿੱਤਾ ਅਤੇ ਮੰਗਾਂ ਨੂੰ ਅਣਗੌਲਿਆਂ ਕਰਦਿਆਂ ਆਪਣੇ ਸਵਾਰਥ ਨੂੰ ਮੁੱਖ ਰੱਖਿਆ ਅਤੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਨ ਦੀ ਗੱਲ ’ਤੇ ਜੋਰ ਦਿੱਤਾ ਤਾਂ ਜੋ ਉਨਾਂ ਦੀ ਡੁੱਬਦੀ ਸਿਆਸੀ ਕਿਸ਼ਤੀ ਬਚ ਸਕੇ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਜਮੀਨ ਖਿਸਕ ਚੁੱਕੀ ਹੈ, ਜਿਸ ਦਾ ਸਬੂਤ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਸਨ, ਜਿਸ ਵਿੱਚ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਾਬਜ ਆਪਣੀ ਪਟਿਆਲਾ ਸੀਟ ਨੂੰ ਵੀ ਨਹੀਂ ਬਚਾਇਆ ਜਾ ਸਕਿਆ। ਇਸੇ ਲਈ ਕੈਪਟਨ ਅਮਰਿੰਦਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ, ਪਰ ਇੱਥੇ ਵੀ ਉਹ ਹਾਸ਼ੀਏ ’ਤੇ ਹੀ ਹਨ ਅਤੇ ਸਿਆਸਤ ਵਿੱਚ ਆਪਣੀ ਪੈਠ ਬਚਾਉਣ ਲਈ ਉਹ ਆਪਣੀ ਪਤਨੀ ਪਰਨੀਤ ਕੌਰ ਨੂੰ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਬਤੌਰ ਬੀਜੇਪੀ ਉਮੀਦਵਾਰ ਮੈਦਾਨ ਵਿੱਚ ਉਤਾਰਨ ਲੱਗੇ ਹਨ, ਜਦਕਿ ਵਿਧਾਨ ਸਭਾ ਵਾਸਤੇ ਉਨ੍ਹਾਂ ਨੇ ਆਪਣੀ ਧੀ ਜੈ ਇੰਦਰ ਕੌਰ ਦਾ ਨਾਂਅ ਅੱਗੇ ਰੱਖਿਆ ਹੈ। ਇਸ ਤਰ੍ਹਾਂ ਉਹ ਪੰਜਾਬ ਦੇ ਆਮ ਲੋਕਾਂ ਅਤੇ ਨੌਜਵਾਨਾਂ ਜੋ ਪਾਰਟੀਆਂ ਵਿੱਚ ਜਮੀਨੀ ਪੱਧਰ ’ਤੇ ਕੰਮ ਕਰ ਰਹੇ ਹਨ, ਬਾਰੇ ਕੋਈ ਹਮਦਰਦੀ ਨਹੀਂ ਰੱਖਦੇ ਅਤੇ ਉਨ੍ਹਾਂ ਦੇ ਭਵਿੱਖ ਨਾਲ ਖੇਡ ਰਹੇ ਹਨ। ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆੜੇ ਹੱਥੀ ਲੈਂਦਿਆਂ ਬਰਸਟ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸਤ ਹਾਸ਼ੀਏ ’ਤੇ ਹੈ। ਸਿਆਸੀ ਜਮੀਨ ਤਲਾਸ਼ਦੇ ਹੋਏ ਅਕਾਲੀ ਦਲ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ ਬੀਜੇਪੀ ਨਾਲ ਸਾਂਝ ਪਾਉਣ ਲਈ ਤਰਲੋਮੱਛੀ ਹੋ ਰਿਹਾ ਹੈ। ਇਸੇ ਲਈ ਉਹ ਦੁਬਾਰਾ ਬੀਜੇਪੀ ਨਾਲ ਗਠਜੋੜ ਕਰਨ ਦੇ ਯਤਨਾਂ ਵਿੱਚ ਲੱਗਾ ਹੋਇਆ ਹੈ। ਗਠਜੋੜ ਨਾਲ ਕੈਪਟਨ ਅਮਰਿੰਦਰ ਸਿੰਘ ਆਪਣੀ ਪਟਿਆਲਾ ਸੀਟ ਅਤੇ ਸੁਖਬੀਰ ਬਾਦਲ ਆਪਣੀ ਬਠਿੰਡਾ ਅਤੇ ਫਿਰੋਜ਼ਪੁਰ ਸੀਟ ਨੂੰ ਬਚਾਉਣਾ ਚਾਹੁੰਦੇ ਹਨ। ਬਰਸਟ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ 1 ਲੋਕ ਸਭਾ ਸੀਟ ਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਿੱਚ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗੀ। ਜਦਕਿ ਦੂਜੇ ਪਾਸੇ ਬੀਜੇਪੀ ਬਹੁਮਤ ਤਾਂ ਦੂਰ ਦੀ ਗੱਲ ਹੈ, ਨਰਿੰਦਰ ਮੋਦੀ ਦੀ ਅਗੁਵਾਈ ਵਿੱਚ 100 ਤੋਂ ਵੱਧ ਸੀਟਾਂ ਵੀ ਜਿੱਤ ਨਹੀਂ ਸਕੇਗੀ।

Related Articles

LEAVE A REPLY

Please enter your comment!
Please enter your name here

Latest Articles