ਲੰਡਾ ਗੈਂਗ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾ ਫਾਸ਼

0
184

ਜਲੰਧਰ (ਸ਼ੈਲੀ ਐਲਬਰਟ)-ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਜਲੰਧਰ ਕਮਿਸ਼ਨਰੇਟ ਪੁਲਸ ਨੇ ਇਕ ਹੋਰ ਖੁਫੀਆ ਮੁਹਿੰਮ ਦੌਰਾਨ ਖਤਰਨਾਕ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਤਿੰਨ ਨੂੰ ਗਿ੍ਫਤਾਰ ਕਰਕੇ 17 ਹਥਿਆਰ ਅਤੇ 33 ਮੈਗਜ਼ੀਨ ਬਰਾਮਦ ਕੀਤੇ ਹਨ। ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹ ਭਰੋਸੇਯੋਗ ਸੂਤਰਾਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਸੱਤ ਦਿਨਾਂ ਤੱਕ ਚੱਲਿਆ ਆਪ੍ਰੇਸ਼ਨ ਸੀ। ਪੁਲਸ ਨੇ ਇਸ ਰੈਕੇਟ ਦਾ ਪਰਦਾਫਾਸ਼ ਕਰਨ ਲਈ ਜਾਲ ਵਿਛਾਇਆ ਸੀ ਜਿਸ ਤਹਿਤ ਤਿੰਨ ਅਪਰਾਧੀਆਂ ਜਿਨ੍ਹਾਂ ਦੀ ਪਛਾਣ ਕੁਨਾਲ, ਗੁਰਲਾਲ ਅਤੇ ਪਰਵੇਜ਼ ਵਜੋਂ ਹੋਈ ਹੈ, ਨੂੰ ਗਿ੍ਰਫਤਾਰ ਕੀਤਾ ਗਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਕੁਨਾਲ ਫਿਰੋਜ਼ਪੁਰ ਦਾ ਵਸਨੀਕ ਹੈ ਅਤੇ ਉਸ ਖਿਲਾਫ ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਦੇ ਸੱਤ ਮੁਕੱਦਮੇ ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ ਗੁਰਲਾਲ ਅਤੇ ਪਰਵੇਜ਼ ਪੱਟੀ ਵਾਸੀ ਚਚੇਰੇ ਭਰਾ ਹਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਥਿਆਰਾਂ ਦੀ ਸਪਲਾਈ ਮੱਧ ਪ੍ਰਦੇਸ਼ ਦੇ ਇੰਦੌਰ ਵਾਸੀ ਕੁਨਾਲ ਵੱਲੋਂ ਕੀਤੀ ਜਾਂਦੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਗੁਰਲਾਲ ਦਾ ਭਰਾ ਸਰਨਜੀਤ, ਜੋ ਇਸ ਸਮੇਂ ਜੇਲ੍ਹ ’ਚ ਬੰਦ ਹੈ, ਦੀ ਅਮਰੀਕਾ ਰਹਿੰਦੇ ਗੈਂਗਸਟਰਾਂ ਗੁਰਦੇਵ ਗਿੱਲ ਅਤੇ ਲਖਬੀਰ ਸਿੰਘ ਲੰਡਾ ਨਾਲ ਨੇੜਤਾ ਹੈ, ਜੋ ਕਿ ਫਿਰੌਤੀ ਅਤੇ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹਨ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਲੰਡਾ ਅਤੇ ਗਿੱਲ ਇਸ ਰੈਕੇਟ ਦੇ ਹੈਂਡਲਰ ਹਨ ਅਤੇ ਇੰਦੌਰ ਦੇ ਕੁਨਾਲ ਨੂੰ ਉਨ੍ਹਾਂ ਵੱਲੋਂ ਹਵਾਲਾ ਚੈਨਲ ਰਾਹੀਂ ਦੇਸੀ ਹਥਿਆਰ ਖਰੀਦਣ ਲਈ ਪੈਸੇ ਦਿੱਤੇ ਗਏ ਸਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ .32 ਬੋਰ ਦੇ 12 ਪਿਸਤੌਲ, 5.34 ਬੋਰ ਦੇ ਪੰਜ ਪਿਸਤੌਲ, 33 ਮੈਗਜ਼ੀਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾ ਦੱਸਿਆ ਕਿ ਇਹ ਹਥਿਆਰ ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ਤੋਂ ਜ਼ਬਤ ਕੀਤੇ ਗਏ ਹਨ ਅਤੇ ਇਹ ਹਥਿਆਰ ਮੋਗਾ, ਫਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਫੈਲੇ ਲੰਡਾ ਦੇ ਸਾਥੀਆਂ ਲਈ ਸਨ। ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ’ਚ ਸਾਂਝੇ ਕੀਤੇ ਜਾਣਗੇ।

LEAVE A REPLY

Please enter your comment!
Please enter your name here