ਰੋਡਵੇਜ਼ ਮੁਲਾਜ਼ਮਾਂ ਦੀ ਯੂਨੀਅਨ ਦੇ ਸੰਸਥਾਪਕ ਕਾਮਰੇਡ ਜਸਵੰਤ ਸਿੰਘ ਸਮਰਾ ਦਾ ਜਨਮ ਦਿਨ ਹਰ ਸਾਲ 27 ਫ਼ਰਵਰੀ ਨੂੰ ਮਾਸਟਰ ਹਰੀ ਸਿੰਘ ਧੂਤ ਯਾਦਗਾਰੀ ਟਰੱਸਟ ’ਚ ਉਨ੍ਹਾ ਨਮਿਤ ਬਣੇ ਯਾਦਗਾਰੀ ਹਾਲ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਹਰ ਸਾਲ ਉਨ੍ਹਾ ਦੀ ਬੇਟੀ ਜਗਜੀਤ ਕੌਰ ਅਮਰੀਕਾ ਤੋਂ ਆ ਕੇ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ। ਇਸ ਮੌਕੇ ਉਹ ‘ਨਵਾਂ ਜ਼ਮਾਨਾ’ ਦੇ ਦਫ਼ਤਰ ਆਉਣਾ ਵੀ ਨਹੀਂ ਭੁੱਲਦੇ। ਇਸ ਵਾਰ ਵੀ ਉਹ ਆ ਕੇ ਮਿਲੇ ਤੇ ‘ਨਵਾਂ ਜ਼ਮਾਨਾ’ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾ ਦੱਸਿਆ ਕਿ ਜਦੋਂ ਉਹ ਜਲੰਧਰ ਨੌਕਰੀ ਕਰਦੇ ਸਨ ਤਾਂ ਨਿਤਨੇਮ ਨਾਲ ‘ਨਵਾਂ ਜ਼ਮਾਨਾ’ ਜ਼ਰੂਰ ਆਉਂਦੇ ਸਨ। ਇਸ ਮੌਕੇ ਉਨ੍ਹਾ ਸੁਰਜਨ ਜ਼ੀਰਵੀ ਤੇ ਅੰਮਿ੍ਰਤਾ ਜ਼ੀਰਵੀ ਨਾਲ ‘ਨਵਾਂ ਜ਼ਮਾਨਾ’ ਦਫ਼ਤਰ ਵਿੱਚ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ। ਹਰ ਸਾਲ ਦੀ ਤਰ੍ਹਾਂ ਉਨ੍ਹਾ ‘ਨਵਾਂ ਜ਼ਮਾਨਾ’ ਲਈ 10 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਵੀ ਭੇਟ ਕੀਤੀ।
ਸੱਚ ਇਹ ਹੈ ਕਿ ਜੇਕਰ ‘ਨਵਾਂ ਜ਼ਮਾਨਾ’ ਆਪਣੇ ਰਾਹ ਵਿੱਚ ਆਈ ਹਰ ਔਕੜ ਨੂੰ ਪਾਰ ਕਰ ਸਕਿਆ ਹੈ ਤਾਂ ਉਹ ਬੀਬੀ ਜਗਜੀਤ ਕੌਰ ਵਰਗੇ ਸਨੇਹੀਆਂ ਦੇ ਪਿਆਰ ਕਾਰਨ ਹੀ ਹੈ। ਅਸੀਂ ਬੇਟੀ ਜਗਜੀਤ ਕੌਰ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ।
-ਸੰਪਾਦਕ