ਮਿਰਜ਼ਾ ਗਾਲਿਬ ਨੇ ਕਿਹਾ ਸੀਮੈਂ ਭੀ ਮੂੰਹ ਮੇਂ ਜ਼ੁਬਾਨ ਰੱਖਤਾ ਹੂੰ, ਕਾਸ਼ ਪੂਛੋ ਕਿ ਮੁੱਦਾ ਕਯਾ ਹੈ।
ਜਮਹੂਰੀਅਤ ਪੁੱਛ ਰਹੀ ਹੈ ਕਿ ਕੁਝ ਹਫਤਿਆਂ ਬਾਅਦ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਮੁੱਦੇ ਕੀ ਹਨ? ਗਾਲਿਬ ਵਾਂਗ ਆਮ ਵੋਟਰਾਂ ਨੂੰ ਵੀ ਖੁਦ ਤੋਂ ਪੁੱਛਣਾ ਚਾਹੀਦਾ ਹੈ ਕਿ ਮੁੱਦੇ ਕਿਹੜੇ ਹਨ? ਇਨ੍ਹਾਂ ਮੁੱਦਿਆਂ ਨੂੰ ਵੋਟਰ ਕਿਸੇ ਵੀ ਕ੍ਰਮ ਵਿਚ ਰੱਖ ਸਕਦੇ ਹਨਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ, ਸਮਾਜੀ ਨਿਆਂ, ਆਰਥਕ ਨਿਆਂ, ਸਿਆਸੀ ਨਿਆਂ ਯਕੀਨੀ ਬਣਾਉਣਾ। ਸੰਵਿਧਾਨਕ ਇਮਾਨਦਾਰੀ ਨਾਲ ਜਾਤੀ ਗਣਨਾ ਤੇ ਆਰਥਕ ਸਰਵੇਖਣ ਕਰਵਾਉਣਾ। ਅੰਦੋਲਨਕਾਰੀਆਂ ਨਾਲ ਸੰਵਿਧਾਨਕ ਤਰੀਕੇ ਨਾਲ ਪੇਸ਼ ਆਉਣਾ। ਸ਼ਹਿਰੀਕਰਨ ਦੇ ਨਾਲ-ਨਾਲ ਪਿੰਡਾਂ ਵਿਚ ਸਭਿਆ ਤੇ ਬਿਹਤਰ ਜੀਵਨ ਯਕੀਨੀ ਬਣਾਉਣਾ ਅਤੇ ਪੇਂਡੂਆਂ ਤੇ ਕਿਸਾਨਾਂ ਦੀਆਂ ਦਿੱਕਤਾਂ ਦੂਰ ਕਰਨਾ। ਨਾਗਰਿਕਤਾ ਤੇ ਕੌਮੀਅਤ ਦੇ ਮੁੱਦਿਆਂ ਨੂੰ ਉਛਾਲਣਾ। ਮਹਿਲਾਵਾਂ ਤੇ ਯੌਨ ਸੁਰੱਖਿਆ ਲਈ ਸਾਰੇ ਕਾਨੂੰਨੀ ਉਪਾਵਾਂ ਨੂੰ ਬਿਨਾਂ ਵਿਤਕਰੇ ਦੇ ਲਾਗੂ ਕਰਨਾ। ਖੁਦਮੁਖਤਿਆਰ ਸੰਵਿਧਾਨਕ ਢਾਂਚਿਆਂ ਨੂੰ ਸਿਆਸੀ ਦਖਲਅੰਦਾਜ਼ੀ ਤੋਂ ਬਚਾਉਣਾ। ਨੌਕਰਸ਼ਾਹੀ ਨੂੰ ਪਾਰਟੀ ਸਿਆਸਤ ਤੋਂ ਦੂਰ ਰੱਖਣਾ। ਕਿਸੇ ਵੀ ਤਰ੍ਹਾਂ ਦੀ ਉਗਰਾਹੀ ਲਈ ਉਦਯੋਗਪਤੀਆਂ ਜਾਂ ਕਾਰੋਬਾਰੀਆਂ ’ਤੇ ਸਰਕਾਰੀ ਦਬਾਅ ਨਾ ਬਣਾਉਣਾ। ਵੰਡਪਾਊ ਤੇ ਨਫਰਤੀ ਬਿਆਨਾਂ ’ਤੇ ਪੂਰੀ ਤਰ੍ਹਾਂ ਰੋਕ ਲਾਉਣਾ ਤੇ ਅਜਿਹੇ ਬੁਲਾਰਿਆਂ ਵਿਰੁੱਧ ਸਖਤ ਕਾਰਵਾਈ ਕਰਨਾ। ਬੁਲਡੋਜ਼ਰ ਇਨਸਾਫ ਦੀ ਪ੍ਰਵਿਰਤੀ ’ਤੇ ਤੁਰੰਤ ਰੋਕ ਲਾਉਣਾ। ਰੁਜ਼ਗਾਰ ਲਈ ਢੁਕਵੇਂ ਪ੍ਰਬੰਧ ਕਰਨਾ। ਗਵਾਂਢੀ ਮੁਲਕਾਂ ਨਾਲ ਦੋਸਤਾਨਾ ਰਿਸ਼ਤੇ ਕਾਇਮ ਕਰਨਾ। ਪੈਸੇ ਤੇ ਧਮਕੀ ਨਾਲ ਵਿਧਾਇਕਾਂ ਤੇ ਸਾਂਸਦਾਂ ਦੀ ਖਰੀਦੋ-ਫਰੋਖਤ ਕਰਕੇ ਲੋਕਾਂ ਦੇ ਫਤਵੇ ਨਾਲ ਖਿਲਵਾੜ ਨਾ ਕਰਨਾ।
ਕੁਝ ਕੁ ਮੌਕਾਪ੍ਰਸਤ ਪਾਰਟੀਆਂ ਨੂੰ ਛੱਡ ਕੇ ਲੋਕ ਸਭਾ ਚੋਣਾਂ ਲਈ ਲਕੀਰ ਖਿੱਚੀ ਗਈ ਹੈ। ਇਕ ਪਾਸੇ ਆਰ ਐੱਸ ਐੱਸ ਦੀ ਔਲਾਦ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਹਨ, ਦੂਜੇ ਪਾਸੇ ਖੱਬੀਆਂ ਤੇ ਜਮਹੂਰੀ ਪਾਰਟੀਆਂ ਦਾ ਗਠਜੋੜ ‘ਇੰਡੀਆ’ ਹੈ। ਭਾਜਪਾ ਨੇ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਰਾਮ ਮੰਦਰ ਨੂੰ ਮੁੱਖ ਮੁੱਦਾ ਬਣਾਇਆ ਹੋਇਆ ਹੈ, ਜਦਕਿ ‘ਇੰਡੀਆ’ ਵਿਚ ਸ਼ਾਮਲ ਪਾਰਟੀਆਂ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਮੁੱਖ ਮੁੱਦਾ ਬਣਾ ਕੇ ਚੱਲ ਰਹੀਆਂ ਹਨ। ਜਿਸ ਤਰ੍ਹਾਂ ਮੋਦੀ ਦੇ 10 ਸਾਲਾ ਰਾਜ ਵਿਚ ਆਪਣੇ ਹੱਕਾਂ ਲਈ ਅੰਦੋਲਨ ਕਰਨ ਵਾਲਿਆਂ ਨੂੰ ਦਬਾਇਆ ਗਿਆ ਹੈ, ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਰਾਹ ਵਿਚ ਕਿੱਲ ਗੱਡੇ ਗਏ ਹਨ, ਜੇ ਭਾਜਪਾ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣ ਗਈ ਤਾਂ ਸੋਚਿਆ ਜਾ ਸਕਦਾ ਹੈ ਕਿ ਹਾਲਾਤ ਕਿਹੋ ਜਿਹੇ ਬਣ ਜਾਣਗੇ।