ਸ਼ਿਮਲਾ : ਰਾਜ ਸਭਾ ਚੋਣ ਵਿਚ ਹੋਈ ਨਮੋਸ਼ੀ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਥਾਂ ਨਵਾਂ ਮੁੱਖ ਮੰਤਰੀ ਬਣਾ ਸਕਦੀ ਹੈ। ਛੇ ਪਾਰਟੀ ਵਿਧਾਇਕਾਂ ਤੇ ਤਿੰਨ ਹਮਾਇਤੀ ਆਜ਼ਾਦ ਵਿਧਾਇਕਾਂ ਵੱਲੋਂ ਸੋਮਵਾਰ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿਚ ਵੋਟਿੰਗ ਕਰਨ ਤੋਂ ਬਾਅਦ ਸੁੱਖੂ ਖਿਲਾਫ ਮਾਹੌਲ ਬਣਦਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਨੇ ਬੁੱਧਵਾਰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸੁੱਖੂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ। ਵਿਕਰਮਾਦਿੱਤਿਆ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾਹਿਮਾਚਲ ਸਰਕਾਰ ਵਿਚ ਵਿਧਾਇਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਮੈਂ ਲੀਡਰਸ਼ਿਪ ਤੇ ਮੁੱਖ ਮੰਤਰੀ ਦਾ ਹਮੇਸ਼ਾ ਸਤਿਕਾਰ ਕੀਤਾ ਤੇ ਜ਼ਾਬਤੇ ਵਿਚ ਰਹਿ ਕੇ ਸਰਕਾਰ ਚਲਾਉਣ ਵਿਚ ਯੋਗਦਾਨ ਦਿੱਤਾ, ਪਰ ਕੁਝ ਹਲਕਿਆਂ ਨੇ ਮੈਨੂੰ ਜ਼ਲੀਲ ਕੀਤਾ। ਮੈਂ ਮੁੱਖ ਮੰਤਰੀ ਦਾ ਆਦਰ ਕਰਦਾ ਹਾਂ, ਪਰ ਮੰਤਰੀਆਂ ਵਿਚਾਲੇ ਤਾਲਮੇਲ ਹੋਣਾ ਚਾਹੀਦਾ ਹੈ। ਅਜਿਹਾ ਨਾ ਹੋਣ ਕਰਕੇ ਅਸੀਂ ਉਸ ਸਥਿਤੀ ’ਚ ਪੁੱਜ ਗਏ, ਜਿੱਥੇ ਅੱਜ ਹਾਂ।
ਵਿਕਰਮਾਦਿੱਤਿਆ, ਜਿਸ ਨੇ ਹਾਈਕਮਾਨ ਦੀ ਅਧਿਕਾਰਤ ਲਾਈਨ ਦੀ ਪਰਵਾਹ ਨਾ ਕਰਦਿਆਂ ਜਨਵਰੀ ਵਿਚ ਅਯੁੱਧਿਆ ਵਿਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਹਿੱਸਾ ਲਿਆ ਸੀ, ਨੇ ਜਜ਼ਬਾਤੀ ਹੋ ਕੇ ਕਿਹਾਜਿਹੜੇ ਛੇ ਵਾਰ ਮੁੱਖ ਮੰਤਰੀ ਰਹੇ ਤੇ ਜਿਨ੍ਹਾਂ ਸਦਕਾ ਇਹ ਸਰਕਾਰ ਬਣੀ, ਉਨ੍ਹਾ ਦੇ ਬੁੱਤ ਲਈ ਮਾਲ ਰੋਡ ’ਤੇ ਨਿੱਕੀ ਜਿਹੀ ਥਾਂ ਨਹੀਂ ਮਿਲੀ। ਇਹ ਸਤਿਕਾਰ ਮੇਰੇ ਮਰਹੂਮ ਪਿਤਾ ਦਾ ਇਸ ਸਰਕਾਰ ਨੇ ਕੀਤਾ। ਅਸੀਂ ਜਜ਼ਬਾਤੀ ਲੋਕ ਹਾਂ, ਸਾਨੂੰ ਅਹੁਦਿਆਂ ਨਾਲ ਮੋਹ ਨਹੀਂ, ਪਰ ਬੁੱਤ ਲਈ ਥਾਂ ਨਾ ਦੇਣਾ ਬਹੁਤ ਹੀ ਮੰਦਭਾਗਾ ਹੈ। ਮੈਂ ਬਹੁਤ ਦੁਖੀ ਹਾਂ, ਸਿਆਸੀ ਤੌਰ ’ਤੇ ਨਹੀਂ, ਸਗੋਂ ਜਜ਼ਬਾਤੀ ਤੌਰ ’ਤੇ।
ਭਾਜਪਾ ਦਾ ਸਾਥ ਦੇਣ ਵਾਲੇ ਕਾਂਗਰਸੀ ਵਿਧਾਇਕਾਂ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਨਰਾਜ਼ਗੀ ਹਾਈਕਮਾਨ ਨਾਲ ਨਹੀਂ, ਸਗੋਂ ਸੁੱਖੂ ਨਾਲ ਹੈ। ਚਰਚਾ ਹੈ ਕਿ ਹਾਈਕਮਾਨ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੂੰ ਨਵਾਂ ਮੁੱਖ ਮੰਤਰੀ ਬਣਾ ਸਕਦੀ ਹੈ। ਉਹ ਵੀਰਭੱਦਰ ਪਰਵਾਰ ਦੇ ਕਰੀਬੀ ਹਨ। ਸ਼ੁਰੂ ਵਿਚ ਵੀ ਉਨ੍ਹਾ ਨੂੰ ਮੁੱਖ ਮੰਤਰੀ ਬਣਾਉਣ ਦੀ ਚਰਚਾ ਸੀ, ਪਰ ਬ੍ਰਾਹਮਣ ਹੁੰਦਿਆਂ ਸੂਬੇ ਵਿਚ ਬਹੁਗਿਣਤੀ ਰਾਜਪੂਤਾਂ ਦੇ ਦਬਦਬਾ ਨੂੰ ਦੇਖਦਿਆਂ ਡਰਾਈਵਰ ਦੇ ਪੁੱਤਰ ਸੁੱਖੂ ਨੂੰ ਬਣਾਇਆ ਗਿਆ। ਹਾਈਕਮਾਨ ਇਸ ਕਰਕੇ ਨਾਰਾਜ਼ ਹੈ ਕਿ 68 ਵਿੱਚੋਂ 40 ਵਿਧਾਇਕ ਪਾਰਟੀ ਦੇ ਹੋਣ ਅਤੇ ਆਜ਼ਾਦਾਂ ਦੀ ਵੀ ਹਮਾਇਤ ਹਾਸਲ ਹੋਣ ਦੇ ਬਾਵਜੂਦ ਸੁੱਖੂ ਪਾਰਟੀ ਉਮੀਦਵਾਰ ਨੂੰ ਜਿਤਾ ਨਹੀਂ ਸਕੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਹਾਰ ਲਈ ਜਵਾਬਦੇਹੀ ਅਵੱਸ਼ ਤੈਅ ਹੋਵੇਗੀ।
ਇਸੇ ਦੌਰਾਨ ਭਾਜਪਾ ਮੰਗਲਵਾਰ ਅਸੰਬਲੀ ਵਿਚ ਸੁੱਖੂ ਨੂੰ ਭਰੋਸੇ ਦਾ ਮਤਾ ਲਿਆਉਣ ਲਈ ਮਜਬੂਰ ਨਹੀਂ ਕਰ ਸਕੀ। ਅਸੰਬਲੀ ਵਿਚ ਹੰਗਾਮੇ ਕਾਰਨ ਸਪੀਕਰ ਨੇ 15 ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ। ਇਸ ਤੋਂ ਬਾਅਦ ਆਪੋਜ਼ੀਸ਼ਨ ਦੇ ਆਗੂ ਜੈਰਾਮ ਠਾਕੁਰ ਦੀ ਅਗਵਾਈ ਵਿਚ ਭਾਜਪਾਈ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਮਿਲੇ ਤੇ ਦੱਸਿਆ ਕਿ ਅਸੰਬਲੀ ਵਿਚ ਜਦੋਂ ਉਨ੍ਹਾਂ ਵਿੱਤ ਬਿੱਲ ’ਤੇ ਵੋਟਾਂ ਪੁਆਉਣ ਦੀ ਮੰਗ ਕੀਤੀ ਤਾਂ ਸਪੀਕਰ ਨੇ ਅਜਲਾਸ ਉਠਾ ਦਿੱਤਾ। ਕਾਂਗਰਸ ਹਾਈਕਮਾਨ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਨੂੰ ਸਾਰੇ ਮਾਮਲੇ ਦਾ ਪਤਾ ਲਾਉਣ ਲਈ ਸ਼ਿਮਲਾ ਭੇਜਿਆ ਹੈ। ਉਹ ਵਿਧਾਇਕਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਜੋ ਰਿਪੋਰਟ ਦੇਣਗੇ, ਉਸ ਦੇ ਹਿਸਾਬ ਨਾਲ ਹੀ ਸੁੱਖੂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਉਧਰ, ਵਿਕਰਮਾਦਿੱਤਿਆ ਸਿੰਘ ਦੇ ਅਸਤੀਫੇ ’ਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾਉਹ ਮੇਰਾ ਭਰਾ ਹੈ। ਉਸ ਦੀਆਂ ਕੁਝ ਸ਼ਿਕਾਇਤਾਂ ਹਨ ਅਤੇ ਉਸ ਨੇ ਮੇਰੇ ਨਾਲ ਕਈ ਵਾਰ ਗੱਲ ਕੀਤੀ ਹੈ, ਮਾਮਲਾ ਸੁਲਝਾ ਲਵਾਂਗੇ। ਸੁੱਖੂ ਨੇ ਇਹ ਵੀ ਕਿਹਾ ਕਿ ਉਨ੍ਹਾ ਅਸਤੀਫਾ ਨਹੀਂ ਦਿੱਤਾ ਅਤੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ। ਸੁੱਖੂ ਨੇ ਕਿਹਾਮੈਂ ਅਸਤੀਫਾ ਨਹੀਂ ਦਿੱਤਾ, ਮੈਂ ਯੋਧਾ ਹਾਂ, ਲੜਦਾ ਰਹਾਂਗਾ।