26.9 C
Jalandhar
Thursday, November 21, 2024
spot_img

ਅਕਾਲੀ ਤੇ ਕਾਂਗਰਸੀ ਸਰਕਾਰਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਰਕਾਰੀ ਸੰਸਥਾਵਾਂ ਤਬਾਹ ਕੀਤੀਆਂ : ਮਾਨ

ਮੋਹਾਲੀ (ਗੁਰਜੀਤ ਬਿੱਲਾ)-ਸੂਬੇ ਦੀਆਂ ਸਰਕਾਰੀ ਸੰਸਥਾਵਾਂ ਦੀ ਬਦਹਾਲੀ ਲਈ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੂੰ ਸਿੱਧੇ ਤੌਰ ਉਤੇ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਸਰਕਾਰੀ ਸੰਸਥਾਵਾਂ ਵਿੱਚ ਆਹਲਾ ਦਰਜੇ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਤਾਂ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।
ਇੱਥੇ ‘ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਿਅਰੀ ਸਾਇੰਸਜ਼’ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਮੌਕੇ ਸਿਆਸਤਦਾਨ ਪ੍ਰਾਈਵੇਟ ਸੰਸਥਾਵਾਂ ਦੇ ਕਾਰੋਬਾਰ ਵਿੱਚੋਂ ਹਿੱਸਾਪੱਤੀ ਲੈਂਦੇ ਸਨ ਅਤੇ ਇਸ ਦੇ ਇਵਜ਼ ਵਿੱਚ ਸਰਕਾਰੀ ਸੰਸਥਾਵਾਂ ਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੰਦੇ ਸਨ। ਮੁੱਖ ਮੰਤਰੀ ਨੇ ਕਿਹਾ, “ਇਹ ਸਿਆਸਤਦਾਨ ਏਨੇ ਲਾਲਚੀ ਅਤੇ ਬੇਰਹਿਮ ਸਨ ਕਿ ਇਨ੍ਹਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਪੰਜਾਬ ਦਾ ਸਰਕਾਰੀ ਸਿਹਤ ਤੇ ਸਿੱਖਿਆ ਢਾਂਚਾ ਖਤਮ ਕਰ ਦਿੱਤਾ ਸੀ ਤਾਂ ਕਿ ਸਰਕਾਰੀ ਸੰਸਥਾਵਾਂ ਦੇ ਦਰਵਾਜ਼ੇ ਬੰਦ ਹੋਣ ਤੋਂ ਬਾਅਦ ਆਮ ਵਿਅਕਤੀ ਸਿੱਖਿਆ ਜਾਂ ਇਲਾਜ ਲਈ ਮਜਬੂਰ ਹੋ ਕੇ ਪ੍ਰਾਈਵੇਟ ਲੋਕਾਂ ਕੋਲ ਪਹੁੰਚੇ। ਪ੍ਰਾਈਵੇਟ ਹਸਪਤਾਲਾਂ ਵਿੱਚ ਕੈਂਸਰ ਦਾ ਇਲਾਜ ਏਨਾ ਮਹਿੰਗਾ ਹੁੰਦਾ ਸੀ ਕਿ ਕੈਂਸਰ ਰੋਗੀ ਆਰਥਿਕ ਹਾਲਤ ਕਾਰਨ ਇਲਾਜ ਹੀ ਨਹੀਂ ਸੀ ਕਰਵਾਉਂਦਾ। ਇਹ ਲੋਕ ਪ੍ਰਾਈਵੇਟ ਸੰਸਥਾਵਾਂ ਨੂੰ ਮੁਨਾਫਾ ਕਮਾਉਣ ਲਈ ਖੁੱਲ੍ਹ ਦਿੰਦੇ ਸਨ ਅਤੇ ਉਸ ਮੁਨਾਫੇ ਵਿੱਚੋਂ ਕਮਿਸ਼ਨ ਲੈਂਦੇ ਸਨ। ਦੁੱਖਾਂ ਦੇ ਮਾਰੇ ਲੋਕ ਨਿਰਾਸ਼ਾ ਦੇ ਆਲਮ ਵਿੱਚ ਚਲੇ ਗਏ ਸਨ। ਪਰਵਾਰਵਾਦ ਦੇ ਮੋਹ ਵਿੱਚ ਡੁੱਬੇ ਇਨ੍ਹਾਂ ਸਿਆਸਤਦਾਨਾਂ ਨੂੰ ਕਦੇ ਵੀ ਪੰਜਾਬ ਦਾ ਦਰਦ ਨਹੀਂ ਰਿਹਾ, ਜਿਸ ਕਰਕੇ ਪੰਜਾਬ ਵਾਸੀਆਂ ਨੇ ਇਨ੍ਹਾਂ ਨੂੰ ਘਰ ਬਿਠਾ ਦਿੱਤਾ।”ਸੂਬੇ ਵਿੱਚ ਹੁਣ ਸਰਕਾਰੀ ਸੰਸਥਾਵਾਂ ਦੀ ਬਿਹਤਰੀ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਮਿਸਾਲ ਵਜੋਂ ਦੱਸਿਆ ਕਿ ਮੋਹਾਲੀ ਵਿਖੇ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਿਅਰੀ ਸਾਇੰਸਜ਼ ਦੇਸ਼ ਦੀ ਦੂਜੀ ਅਤੇ ਪੰਜਾਬ ਦੀ ਪਹਿਲੀ ਵੱਕਾਰੀ ਸੰਸਥਾ ਹੈ, ਜਿਸ ਕੋਲ ਏਨੀਆਂ ਆਧੁਨਿਕ ਮਸ਼ੀਨਾਂ ਹਨ ਕਿ ਕਿਸੇ ਪ੍ਰਾਈਵੇਟ ਹਸਪਤਾਲ ਕੋਲ ਵੀ ਨਹੀਂ ਹਨ। ਇਹ ਪਹਿਲੀ ਸੰਸਥਾ ਵੀ ਦਿੱਲੀ ਸਰਕਾਰ ਨੇ ਸਥਾਪਤ ਕੀਤੀ ਹੈ। ਉਨ੍ਹਾ ਕਿਹਾ ਕਿ ਸਰਕਾਰ ਸੂਬੇ ਵਿੱਚ 45 ਜੱਚਾ-ਬੱਚਾ ਦੇਖਭਾਲ ਕੇਂਦਰ ਸਥਾਪਤ ਕਰ ਰਹੀ ਹੈ, ਜਿਨ੍ਹਾਂ ਵਿੱਚੋਂ 37 ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 664 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਗਏ ਹਨ, ਜਿੱਥੇ ਇਲਾਜ ਬਿਲਕੁਲ ਮੁਫਤ ਹੈ ਅਤੇ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਹੁਣ ਤੱਕ ਇਕ ਕਰੋੜ ਤੋਂ ਵੱਧ ਲੋਕ ਇਲਾਜ ਕਰਵਾ ਚੁੱਕੇ ਹਨ।
ਮੁੱਖ ਮੰਤਰੀ ਨੇ ਵਿਰੋਧੀਆਂ ਵੱਲੋਂ ਉਨ੍ਹਾਂ ਦੀ ਕੀਤੀ ਜਾ ਰਹੀ ਅਲੋਚਨਾ ਬਾਰੇ ਵਿਅੰਗ ਕਰਦਿਆਂ ਕਿਹਾ, “ਅਸਲ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਦੀ ਆਪਸ ਵਿੱਚ ਸਾਂਝ-ਭਿਆਲੀ ਸੀ, ਜੋ ਵਾਰੋ-ਵਾਰੀ ਸੱਤਾ ਦਾ ਸੁੱਖ ਮਾਣਦੇ ਸਨ, ਪਰ ਇਨ੍ਹਾ ਨੂੰ ਇਹ ਨਹੀਂ ਸੀ ਪਤਾ ਕਿ ਸੂਬੇ ਵਿੱਚ ਤੀਜੀ ਧਿਰ ਵੀ ਆ ਸਕਦੀ ਹੈ। ਹੁਣ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਹੁਣ ਜਦੋਂ ਸਰਕਾਰ ਲੋਕਾਂ ਦੀ ਭਲਾਈ ਲਈ ਵੱਡੇ ਫੈਸਲੇ ਲੈ ਰਹੀ ਹੈ ਤਾਂ ਬੁਖਲਾਹਟ ਵਿੱਚ ਆ ਕੇ ਵਿਰੋਧੀ ਨੇਤਾ ਬਿਨਾਂ ਵਜ੍ਹਾ ਨਿੰਦਿਆਂ ਕਰਨੀ ਸ਼ੁਰੂ ਕਰ ਦਿੰਦੇ ਹਨ। ਮੈਂ ਇਨ੍ਹਾਂ ਲੋਕਾਂ ਦੀ ਭੋਰਾ ਵੀ ਪ੍ਰਵਾਹ ਨਹੀਂ ਕਰਦਾ ਕਿਉਂਕਿ ਮੇਰਾ ਮਕਸਦ ਸਿਰਫ ਤੇ ਸਿਰਫ ਲੋਕਾਂ ਦੀ ਸੇਵਾ ਕਰਨਾ ਹੈ।”
ਮੁੱਖ ਮੰਤਰੀ ਨੇ ਅਕਾਲੀ ਨੇਤਾ ਹਰਸਿਮਰਤ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ, ਰਾਜਾ ਵੜਿੰਗ ਤੇ ਨਵਜੋਤ ਸਿੱਧੂ ਨੂੰ ਪੰਜਾਬੀ ਭਾਸ਼ਾ ਦੇ ਨਲਾਇਕ ਸਿਆਸਤਦਾਨ ਦੱਸਦਿਆਂ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ ਪਾਸ ਕਰਨ ਦੀ ਚੁਣੌਤੀ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨੇਤਾ ਕਾਨਵੈਂਟ ਸਕੂਲਾਂ ਤੋਂ ਪੜ੍ਹੇ ਹੋਏ ਹਨ, ਜਿਸ ਕਰਕੇ ਇਹ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਹੀ ਨਹੀਂ ਕਰ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਹ ਇਨ੍ਹਾਂ ਲੀਡਰਾਂ ਨੂੰ ਸਵਾਲਾਂ ਦੇ ਜਵਾਬ ਵੀ ਦੱਸ ਦੇਣ ਤਾਂ ਵੀ ਉਹ ਉੱਤਰ ਸਹੀ ਨਹੀਂ ਲਿਖ ਸਕਦੇ।
ਇਸ ਮੌਕੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਸੱਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles