ਸ਼ਿਮਲਾ : ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ, ਜਿਨ੍ਹਾ ਨੂੰ ਹਾਈਕਮਾਨ ਨੇ ਹਿਮਾਚਲ ਵਿਚ ਸਿਆਸੀ ਉਥਲ-ਪੁਥਲ ਦਰਮਿਆਨ ਸਥਿਤੀ ਸੰਭਾਲਣ ਲਈ ਘੱਲਿਆ ਸੀ, ਨੇ ਵੀਰਵਾਰ ਕਿਹਾ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਨਿਆ ਹੈ ਕਿ ਰਾਜ ਸਭਾ ਚੋਣ ਦੌਰਾਨ ਸਰਕਾਰ ਤੇ ਵਿਧਾਇਕਾਂ ਵਿਚਾਲੇ ਅਤੇ ਪਾਰਟੀ ਤੇ ਸਰਕਾਰ ਵਿਚਾਲੇ ਤਾਲਮੇਲ ’ਚ ਕੁਝ ਗਲਤੀ ਹੋ ਗਈ, ਜਿਸ ਕਰਕੇ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂੰ ਸਿੰਘਵੀ ਚੋਣ ਨਹੀਂ ਜਿੱਤ ਸਕੇ। ਮੁੱਖ ਮੰਤਰੀ ਨੇ ਸਿੰਘਵੀ ਦੀ ਹਾਰ ਦੀ ਪੂਰੀ ਜ਼ਿੰਮੇਵਾਰੀ ਲਈ ਹੈ।
ਸੁੱਖੂ ਦੇ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਸ਼ਿਵ ਕੁਮਾਰ ਨੇ ਕਿਹਾ ਕਿ ਉਨ੍ਹਾ ਤੇ ਦੂਜੇ ਅਬਜ਼ਰਵਰਾਂ ਭੁਪਿੰਦਰ ਸਿੰਘ ਹੁੱਡਾ ਤੇ ਭੁਪੇਸ਼ ਬਘੇਲ ਨੇ ਵਿਧਾਇਕਾਂ ਨਾਲ ਵੱਖਰੇ-ਵੱਖਰੇ ਗੱਲ ਕੀਤੀ ਹੈ ਤੇ ਇਕ ਵਾਰ ਹੋਰ ਕਰਨਗੇ, ਪਰ ਸਰਕਾਰ ਸਲਾਮਤ ਹੈ ਤੇ ਪੰਜ ਸਾਲ ਦੀ ਮਿਆਦ ਪੂਰੀ ਕਰੇਗੀ। ਪੀ ਡਬਲਿਊ ਡੀ ਮੰਤਰੀ ਵਿਕਰਮਾਦਿੱਤਿਆ ਨੇ ਅਸਤੀਫਾ ਵਾਪਸ ਲੈ ਲਿਆ ਹੈ ਤੇ ਕੈਬਨਿਟ ਮੀਟਿੰਗ ਵਿਚ ਸ਼ਾਮਲ ਹੋਣਗੇ। ਪਾਰਟੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਵੀ ਸਰਕਾਰ ਨੂੰ ਪੂਰੀ ਹਮਾਇਤ ਦਾ ਭਰੋਸਾ ਦਿਵਾਇਆ ਹੈ।
ਉਨ੍ਹਾ ਕਿਹਾਸਾਡੇ ਮੁੱਖ ਮੰਤਰੀ ਨੇ ਮੰਨਿਆ ਹੈ ਕਿ ਕੁਝ ਗਲਤੀ ਹੋਈ ਹੈ, ਪਰ ਅੱਗੋਂ ਨਹੀਂ ਹੋਵੇਗੀ। ਅਸੀਂ ਸਾਰੇ ਵਿਧਾਇਕਾਂ ਨਾਲ ਗੱਲ ਕੀਤੀ ਹੈ। ਅਸੀਂ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਤੇ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ ਹੈ। ਸਭ ਨੇ ਮਤਭੇਦ ਹੱਲ ਕਰ ਲਏ ਹਨ। ਉਹ ਮਿਲ ਕੇ ਕੰਮ ਕਰਨਗੇ। ਅਸੀਂ ਸਰਕਾਰ ਤੇ ਪਾਰਟੀ ਵਿਚਾਲੇ ਤਾਲਮੇਲ ਲਈ ਪੰਜ-ਛੇ ਮੈਂਬਰੀ ਤਾਲਮੇਲ ਕਮੇਟੀ ਬਣਾ ਰਹੇ ਹਾਂ। ਉਹ ਪਾਰਟੀ ਤੇ ਸਰਕਾਰ ਨੂੰ ਬਚਾਉਣ ਲਈ ਮਿਲ ਕੇ ਕੰਮ ਕਰੇਗੀ।