ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਬੋਰਡ ਆਫ਼ ਟਰੱਸਟ ਦੀ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ 8 ਮਾਰਚ ਕੌਮਾਂਤਰੀ ਔਰਤ ਦਿਹਾੜੇ ਮੌਕੇ ਗ਼ਦਰ ਅਤੇ ਕੌਮੀ ਮੁਕਤੀ ਲਹਿਰ ਵਿੱਚ ਔਰਤਾਂ ਦੀ ਦੇਣ ਨੂੰ ਸਿਜਦਾ ਕਰਨ ਲਈ ਢੁਕਵੀਂ ਵਿਚਾਰ-ਚਰਚਾ ਅਤੇ 27 ਮਾਰਚ ਕੌਮਾਂਤਰੀ ਰੰਗਮੰਚ ਦਿਹਾੜੇ ਮੌਕੇ ਨਾਟਕ ’ਤੇ ਵਿਚਾਰ-ਚਰਚਾ ਕੀਤੀ ਜਾਏਗੀ।
ਮੀਟਿੰਗ ’ਚ ਇਹ ਫੈਸਲਾ ਵੀ ਕੀਤਾ ਗਿਆ ਕਿ 21 ਅਪ੍ਰੈਲ ਗ਼ਦਰ ਪਾਰਟੀ ਦੇ ਸਥਾਪਨਾ ਦਿਹਾੜੇ ਮੌਕੇ ਖੇਤੀ ਖੇਤਰ ਦੇ ਸੰਕਟ ਅਤੇ ਹੱਲ ਸੰਬੰਧੀ ਚਰਚਾ ਕਰਨ ਲਈ ਮੁੱਖ ਵਕਤਾ ਵਜੋਂ ਉੱਘੇ ਖੇਤੀ ਮਾਹਰ ਡਾ. ਦਵਿੰਦਰ ਸ਼ਰਮਾ ਨੂੰ ਬੁਲਾਉਣ ਦਾ ਫੈਸਲਾ ਕੀਤਾ ਗਿਆ।ਸਥਾਪਨਾ ਦਿਹਾੜੇ ਮੌਕੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਤੇਜਿੰਦਰ ਵਿਰਲੀ ਅਦਾ ਕਰਨਗੇ। ਦੇਸ਼ ਭਗਤ ਯਾਦਗਾਰ ਹਾਲ ਦੇ ਜੀ ਟੀ ਰੋਡ ਵਾਲੀ ਤਰਫ਼ ਨੂੰ ਇਤਿਹਾਸਕ ਦਿੱਖ ਦੇਣ, ਪ੍ਰਵੇਸ਼ ਦੁਆਰ ਦਾ ਰਾਹ ਨਵਿਆਉਣ, ਪੀਣ ਵਾਲੇ ਪਾਣੀ ਦਾ ਢੁਕਵਾਂ ਪ੍ਰਬੰਧ ਕਰਨ ਦਾ ਵੀ ਫੈਸਲਾ ਕੀਤਾ ਗਿਆ। ਮੀਟਿੰਗ ’ਚ ਕਵੀ ਇਕਬਾਲ ਖ਼ਾਨ, ਕਹਾਣੀਕਾਰ ਸੁਖਜੀਤ, ਤਰਕਸ਼ੀਲ ਆਗੂ ਆਤਮਾ ਸਿੰਘ, ਕਿਸਾਨ ਆਗੂ ਮੇਲਾ ਸਿੰਘ ਕੰਗਣਵਾਲ, ਨਾਹਰ ਸਿੰਘ ਹਥਨ, ਕਿਸਾਨ ਘੋਲ ਦੇ ਸ਼ਹੀਦ ਸ਼ੁੱਭਕਰਨ, ਸੰਤ ਕੌਰ ਮੂਲਾ ਬੱਧਾ, ਗਿਆਨ ਕੌਰ ਹਥਨ, ਇੰਦਰਜੀਤ ਕੁਰੜ, ਬਲਜੀਤ ਕੌਰ ਸਿੱਧੂ ਮਲਸੀਆਂ, ਮਨਜੀਤ ਕੌਰ ਫਿਰੋਜ਼ਪੁਰ, ਬਲਵਿੰਦਰ ਕੌਰ ਜਲਾਲਦੀਵਾਲ, ਪਰਮਜੀਤ ਕੌਰ ਠੀਕਰੀਵਾਲ, ਗੁਰਮੇਲ ਸਿੰਘ ਭਰੋਵਾਲ, ਪਿਆਰਾ ਸਿੰਘ ਅਕਲੀਆ, ਨਿਰਮਲ ਸਿੰਘ ਸੰਘਾ, ਨਛੱਤਰ ਪਾਲ ਸਿੰਘ ਸੰਧੂ, ਕਿਸਾਨ ਘੋਲ ਦੌਰਾਨ ਇਹਨਾਂ ਦਿਨਾਂ ’ਚ ਵਿਛੜ ਗਿਆਂ ਨੂੰ ਖੜ੍ਹੇ ਹੋ ਕੇ ਕਮੇਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਮੀਟਿੰਗ ’ਚ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਮੰਗਤ ਰਾਮ ਪਾਸਲਾ, ਡਾ. ਪਰਮਿੰਦਰ ਸਿੰਘ, ਪ੍ਰੋ. ਵਰਿਆਮ ਸਿੰਘ ਸੰਧੂ, ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ, ਰਣਜੀਤ ਸਿੰਘ ਔਲਖ ਤੇ ਪ੍ਰਗਟ ਸਿੰਘ ਜਾਮਾਰਾਏ ਹਾਜ਼ਰ ਸਨ।