ਸ਼ਾਹਕੋਟ (ਗਿਆਨ ਸੈਦਪੁਰੀ)-‘ਕੇਂਦਰ ਦੀ ਮੋਦੀ ਸਰਕਾਰ ਜਮਹੂਰੀਅਤ ਵਿਰੋਧੀ ਹੀ ਨਹੀਂ, ਸਗੋਂ ਇਹ ਦੇਸ਼ ਦੇ ਸੰਵਿਧਾਨ ਦੇ ਵੀ ਵਿਰੁੱਧ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ। ਉਹ ਸੀ ਪੀ ਆਈ ਦਫਤਰ ਲੁਧਿਆਣਾ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਈ ਡੀ ਅਤੇ ਸੀ ਬੀ ਆਈ ਨੂੰ ਇਸ ਕੰਮ ਲਈ ਅੱਗੇ ਲਾਇਆ ਹੋਇਆ ਹੈ। ਪੂਰੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ। ਸਰਕਾਰੀ ਵਰਤਾਰੇ ਤੋਂ ਇੰਜ ਲੱਗਦਾ ਹੈ ਕਿ ਮੋਦੀ ਸਰਕਾਰ ਮੁਲਕ ਦੇ ਆਵਾਮ ਦੀ ਥਾਂ ਅਡਾਨੀ ਤੇ ਅੰਬਾਨੀ ਵਰਗੇ ਕਾਰਪੋਰੇਟਾਂ ਲਈ ਕੰਮ ਕਰ ਰਹੀ ਹੈ। ਧਰਮ ਅਤੇ ਮੰਦਰ ਦੇ ਨਾਂਅ ’ਤੇ ਧਰੁਵੀਕਰਨ ਕਰਕੇ ਲੋਕਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਗੋਰੀਆ ਨੇ ਕਿਹਾ ਕਿ ਏਕਾਅਧਿਕਾਰ ਜਮਾਉਣ ਦੀਆਂ ਮੋਦੀ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਵਿੱਚ ਸਿਆਸੀ ਵਾਤਾਵਰਨ ਉਸ ਦੇ ਵਿਰੁੱਧ ਬਣਦਾ ਜਾ ਰਿਹਾ ਹੈ। ਲੋਕ ਇਹ ਸਮਝਣ ਲੱਗ ਪਏ ਹਨ ਕਿ ਮੋਦੀ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਬੇਥਵੀਆਂ ਮਾਰ ਰਿਹਾ ਹੈ। ਆਮ ਲੋਕਾਂ ਦੇ ਬੈਂਕ ਖਾਤੇ ਖੋਲ੍ਹ ਕੇ ਗਰੀਬੀ ਦੂਰ ਹੋ ਜਾਣ ਦੀਆਂ ਤਰਕਹੀਣ ਗੱਲਾਂ ਕੀਤੀਆਂ ਜਾ ਰਹੀਆਂ ਹਨ। ਸੀ ਏ ਏ ਦਾ ਮੁੱਦਾ ਫਿਰ ਚੁੱਕਿਆ ਜਾ ਰਿਹਾ ਹੈ। ਸੰਸਦੀ ਚੋਣਾਂ ਬਰੂਹਾਂ ’ਤੇ ਆ ਜਾਣ ਦੇ ਮੁੱਦੇਨਜ਼ਰ ਝੂਠ ਦਾ ਸਹਾਰਾ ਲੈ ਕੇ ਮੋਦੀ ਸਰਕਾਰ ਪੱਬਾਂ-ਭਾਰ ਹੋਈ ਪਈ ਹੈ। ਇਸੇ ਸੰਦਰਭ ਵਿੱਚ ਗੋਦੀ ਮੀਡੀਆ ਮੋਦੀ ਦੀ ਪ੍ਰਾਪੇਗੰਡਾ ਮਸ਼ੀਨ ਬਣੀ ਹੋਈ ਹੈ। ਉਹਨਾ ਪਿੱਛੇ ਜਿਹੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਜਨਰਲ ਕੌਂਸਲ ਦੀ ਚੇਨਈ ਵਿੱਚ ਹੋਈ ਮੀਟਿੰਗ ਦੇ ਫੈਸਲਿਆਂ ਤੋਂ ਵੀ ਪੰਜਾਬ ਖੇਤ ਮਜ਼ਦੂਰ ਸਭਾ ਦੀ ਵਰਕਿੰਗ ਕਮੇਟੀ ਨੂੰ ਜਾਣੂ ਕਰਵਾਇਆ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸਕੱਤਰ ਵੀ ਐੱਸ ਨਿਰਮਲ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਉਨ੍ਹਾ ਕਿਹਾ ਕਿ ਪੰਜਾਬ ਖੇਤ ਮਜ਼ਦੂਰ ਸਭਾ ਦੀ ਮਜ਼ਦੂਰ ਅੰਦੋਲਨ ਪ੍ਰਤੀ ਵਚਨਬੱਧਤਾ ਮਾਣ ਕਰਨ ਯੋਗ ਹੈ।
ਉਨ੍ਹਾ ਕਿਹਾ ਕਿ ਸਭਾ ਦਾ ਇਹ ਇਤਿਹਾਸ ਰਿਹਾ ਹੈ ਕਿ ਜਦੋਂ ਵੀ ਕੋਈ ਸੰਗਠਨ ਅੰਦਰ ਸੰਕਟ ਆਇਆ ਹੈ, ਉਸ ਨੂੰ ਲੀਡਰਸ਼ਿਪ ਨੇ ਠੀਕ ਢੰਗ ਨਾਲ ਨਜਿੱਠਿਆ ਹੈ।
ਨਿਰਮਲ ਨੇ ਕਿਹਾ ਕਿ 2011 ਦੀ ਜਨਗਣਨਾ ਵਿੱਚ ਕਿਹਾ ਗਿਆ ਹੈ ਕਿ ਹਰ ਤੀਸਰਾ ਪ੍ਰਵਾਰ ਭੂਮੀ ਹੀਣ ਹੈ। ਦੂਸਰੇ ਪਾਸੇ ਦੇਸ਼ ਵਿੱਚ ਜ਼ਮੀਨ ਏਨੀ ਹੈ ਕਿ ਹਰ ਪਰਵਾਰ ਨੂੰ ਜ਼ਮੀਨ ਦਿੱਤੀ ਜਾ ਸਕਦੀ ਹੈ। ਇਤਿਹਾਸ ਵੱਲ ਪਿਛਲਝਾਤ ਮਾਰਦਿਆਂ ਉਹਨਾ ਕਿਹਾ ਕਿ ਕਿ ਭੂਮੀਹੀਣਾਂ ਵਿੱਚ ਜ਼ਮੀਨ ਵੰਡਣ ਦਾ ਕੰਮ ਜੰਮੂ-ਕਸ਼ਮੀਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਸ਼ੇਖ ਅਬਦੁੱਲਾ ਨੇ ਕੀਤਾ ਸੀ। ਇਸ ਕੰਮ ਬਦਲੇ ਵੇਲੇ ਦੇ ਗ੍ਰਹਿ ਮੰਤਰੀ ਵਲਭ ਭਾਈ ਪਟੇਲ ਨੇ ਸ਼ੇਖ ਅਬਦੁੱਲਾ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਇਸੇ ਪਟੇਲ ਨੂੰ ਭਾਜਪਾ ਹੀਰੋ ਮੰਨਦੀ ਹੈ। ਉਸ ਦਾ ਕਹਿਣਾ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ ਦੀ ਥਾਂ ਪਟੇਲ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਸਨ।
ਸੂਬਾ ਵਰਕਿੰਗ ਕਮੇਟੀ ਅੱਗੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਫਰੀਦਕੋਟ ਵਿਖੇ ਹੋਈ ਸੂਬਾ ਕਾਨਫਰੰਸ ਦੀ ਰਿਪੋਰਟ ਪੇਸ਼ ਕੀਤੀ। ਰਿਪੋਰਟ ’ਤੇ ਵਿਸਥਾਰ ਨਾਲ ਚਰਚਾ ਉਪਰੰਤ ਸਰਬਸੰਮਤੀ ਨਾਲ ਰਿਪੋਰਟ ਪਾਸ ਹੋ ਗਈ। ਰਿਪੋਰਟ ’ਤੇ ਹੋਈ ਚਰਚਾ ਵਿੱਚ ਗੁਰਨਾਮ ਸਿੰਘ ਫਰੀਦਕੋਟ, ਰਿਸ਼ੀਪਾਲ ਫਾਜ਼ਿਲਕਾ, ਨਿਰੰਜਣ ਸਿੰਘ ਸੰਗਰੂਰ, ਕੁਲਵੰਤ ਸਿੰਘ ਲੁਧਿਆਣਾ, ਸੁਖਦੇਵ ਸਿੰਘ ਤਰਨ ਤਾਰਨ, ਮੰਗਲ ਸਿੰਘ ਅੰਮਿ੍ਰਤਸਰ, ਸੁਰਜੀਤ ਸਿੰਘ ਸੋਹੀ ਬਠਿੰਡਾ, ਬਲਬੀਰ ਸਿੰਘ ਮੱਲ੍ਹੀ ਗੁਰਦਾਸਪੁਰ, ਹਰਦੇਵ ਸਿੰਘ ਫਤਿਹਗੜ੍ਹ ਸਾਹਿਬ, ਨਿਰੰਜਣ ਦਾਸ ਮੇਹਲੀ, ਨਾਨਕ ਚੰਦ ਮੁਕਤਸਰ, ਜੋਗਿੰਦਰ ਸਿੰਘ ਵਲਟੋਹਾ, ਭਰਪੂਰ ਸਿੰਘ ਫਾਜ਼ਿਲਕਾ, ਗਿਆਨ ਸਿੰਘ ਜਲੰਧਰ ਅਤੇ ਸੁਰਜੀਤ ਸਿੰਘ ਸਰਦਾਰਗੜ੍ਹ (ਬਠਿੰਡਾ) ਨੇ ਹਿੱਸਾ ਲਿਆ। ਇਸ ਮੌਕੇ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਫਰੀਦਕੋਟ ਸੂਬਾ ਕਾਨਫਰੰਸ ਲਈ ਇਕੱਤਰ ਕੀਤੇ ਫੰਡ ਤੇ ਖਰਚ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜੋ ਮੀਟਿੰਗ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਈ।
ਮੀਟਿੰਗ ਦੇ ਸ਼ੁਰੂ ਵਿੱਚ ਵਿਛੋੜਾ ਦੇ ਗਏ ਸਾਥੀਆਂ, ਜਿਨ੍ਹਾਂ ਵਿੱਚ ਪੂਰਨ ਸਿੰਘ ਨਾਰੰਗਵਾਲ, ਗਿਆਨ ਸਿੰਘ ਚੌਟਾਨਾ, ਰਘਬੀਰ ਸਿੰਘ ਚੁਨਾਗਰਾ ਅਤੇ ਸ਼ਹੀਦ ਸ਼ੁਭਕਰਨ ਸਿੰਘ ਸ਼ਾਮਲ ਹਨ, ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿੱਚ ਮੇਜਰ ਸਿੰਘ ਦਾਰਾਪੁਰ, ਲਾਲ ਸਿੰਘ ਵਲਟੋਹਾ, ਰਛਪਾਲ ਸਿੰਘ ਘੁਰਕਵਿੰਡ, ਹੀਰਾ ਸਿੰਘ ਖਡੂਰ ਸਾਹਿਬ, ਜਸਵੀਰ ਕੌਰ ਬਠਿੰਡਾ, ਮਿੱਠੂ ਸਿੰਘ, ਦਰਸ਼ਨ ਸਿੰਘ ਗੁਰਦਾਸਪੁਰ, ਮੁਖਤਿਆਰ ਸਿੰਘ, ਅਮਰਜੀਤ ਕੌਰ ਗੋਰੀਆ, ਗੁਰਨਛੱਤਰ ਸਿੰਘ, ਸੰਤੋਖ ਪਾਲ, ਗੁਰਬਖਸ਼ ਕੌਰ, ਮੁਕੰਦ ਲਾਲ ਨਵਾਂ ਸ਼ਹਿਰ, ਭਰਪੂਰ ਸਿੰਘ ਤੇ ਸ਼ੰਕਰ ਰਾਮ ਸ਼ਾਮਲ ਸਨ।