ਕੋਲਕਾਤਾ : ਭਾਰਤ ’ਚ ਨਦੀ ਦੇ ਹੇਠਾਂ ਚੱਲਣ ਵਾਲੀ ਮੈਟਰੋ ਲਾਈਨ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਉਦਘਾਟਨ ਕੀਤਾ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ’ਚ ਹੁਬਲੀ ਨਦੀ ਦੇ ਥੱਲੇ ਬਣੀ ਦੇਸ਼ ਦੀ ਪਹਿਲੀ ਮੈਟਰੋ ਸੁਰੰਗ ਦਾ ਕੰਮ ਕੋਲਕਾਤਾ ਵਿਖੇ 1970 ਦੇ ਦਹਾਕੇ ’ਚ ਸ਼ੁਰੂ ਹੋਇਆ ਸੀ। ਹੁਬਲੀ ਨਦੀ ਦੇ 33 ਮੀਟਰ ਥੱਲੇ ਬਣੀ ਇਹ ਸੁਰੰਗ ਇੰਜੀਨੀਅਰਿੰਗ ਦਾ ਬਿਹਤਰ ਨਮੂਨਾ ਹੈ। ਸੁਰੰਗ ਦੀ ਲੰਬਾਈ ਲੱਗਭੱਗ 16.5 ਮੀਟਰ ਹੈ। ਇਸ ’ਚ 10.8 ਕਿਲੋਮੀਟਰ ਦਾ ਹਿੱਸਾ ਨਦੀ ਦੀ ਸਤ੍ਹਾ ਦੇ ਥੱਲੇ ਬਣਾਇਆ ਗਿਆ ਹੈ। ਬਾਕੀ 5.75 ਕਿਲੋਮੀਟਰ ਪ੍ਰੋਜੈਕਟ ਜ਼ਮੀਨ ਦੇ ਉਪਰ ਤਿਆਰ ਕੀਤਾ ਗਿਆ ਹੈ। 8475 ਕਰੋੜ ਦੀ ਲਾਗਤ ਨਾਲ ਤਿਆਰ ਇਹ ਪ੍ਰੋਜੈਕਟ ਕੋਲਕਾਤਾ ਮੈਟਰੋ ਦੀ ਨਾਰਥ-ਸਾਊਥ ਲਾਈਨ ਹਾਵੜਾ ਅਤੇ ਸਿਆਲਦਾਹ ਰੇਲਵੇ ਸਟੇਸ਼ਨ ਨੂੰ ਜੋੜਦਾ ਹੈ। 2009 ’ਚ ਸ਼ੁਰੂ ਹੋਏ ਪ੍ਰੋਜੈਕਟ ਦੀ ਡੈਡਲਾਈਨ ਪਹਿਲਾਂ 2015 ਸੀ, ਪਰ ਡੈਡਲਾਈਨ ਵਧਣ ਨਾਲ ਇਸ ਦੀ ਲਾਗਤ ਵੀ ਵਧ ਗਈ। ਕੋਲਕਾਤਾ ਮੈਟਰੋ ਦੇਸ਼ ਦਾ ਪਹਿਲਾ ਮੈਟਰੋ ਰੇਲਵੇ ਸਟੇਸ਼ਨ ਹੈ, ਜੋ 1984 ’ਚ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਦਿੱਲੀ ’ਚ 2002 ’ਚ ਮੈਟਰੋ ਸੇਵਾ ਸ਼ੁਰੂ ਹੋਈ ਸੀ।




