ਪਟਿਆਲਾ : ਇੱਥੇ ਮਿੰਨੀ ਸਕੱਤਰੇਤ ਦੇ ਸਾਹਮਣੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਤੇ ਪ.ਸ.ਸ.ਫ. 1680 ਬੀ ਦੇ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ 2024-25 ਲਈ ਪੇਸ਼ ਕੀਤੇ ਲੋਕ ਵਿਰੋਧੀ, ਮੁਲਾਜ਼ਮ-ਮਜ਼ਦੂਰ ਵਿਰੋਧੀ ਅਤੇ ਗਰੀਬ ਵਿਰੋਧੀ ਬੱਜਟ ਦੀਆਂ ਕਾਪੀਆਂ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਬੱਜਟ ਦੇ ਦਸਤਾਵੇਜ਼ ਦੀ ਕਾਪੀ ਦੇ ਟਾਈਟਲ ਪੇਜ ’ਤੇ ਸੁਸ਼ੋਭਿਤ ਸ਼ਹੀਦੇ-ਆਜ਼ਮ ਸ੍ਰ. ਭਗਤ ਸਿੰਘ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਮਹਾਨ ਸ਼ਖਸੀਅਤ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀਆਂ ਫੋਟੋਆਂ ਨੂੰ ਅਲੱਗ ਕਰਕੇ ਬੱਜਟ ਸਾੜਿਆ ਗਿਆ। ਬੱਜਟ ਦਾ ਦਸਤਾਵੇਜ਼ ਸਾੜਨ ਤੋਂ ਪਹਿਲਾਂ ਮਿੰਨੀ ਸਕੱਤਰੇਤ ਗੇਟ ’ਤੇ ਇੱਕ ਭਰਵੀਂ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਧਾਲੀਵਾਲ ਅਤੇ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਧ ਧੋਖਾ ਕਰਨ ਵਾਲੀ ਸਰਕਾਰ ਸਾਬਤ ਹੋ ਰਹੀ ਹੈ। ਬੱਜਟ ਸਰਕਾਰ ਦਾ ਸ਼ੀਸ਼ਾ ਹੁੰਦਾ ਹੈ, ਜਿਸ ਵਿੱਚੋਂ ਸਰਕਾਰ ਦੀ ਲੋਕਾਂ ਪ੍ਰਤੀ ਵਚਨਬੱਧਤਾ ਦੀ ਝਲਕ ਪੈਂਦੀ ਹੈ। ਪਰ ਜੋ ਝਲਕ ਇਸ ਸਾਲ ਦੇ ਪੇਸ਼ ਕੀਤੇ ਬੱਜਟ ਵਿੱਚੋਂ ਪੈਂਦੀ ਹੈ, ਉਹ ਤਾਂ ਸਿਫਰ ਮੁਲਾਜ਼ਮ-ਮਜ਼ਦੂਰ, ਗਰੀਬ, ਕਿਸਾਨ, ਬੇਰੁਜ਼ਗਾਰ ਅਤੇ ਆਮ ਲੋਕਾਂ ਦੇ ਵਿਰੋਧ ਦੀ ਹੀ ਨਜ਼ਰ ਪੈਂਦੀ ਹੈ, ਕਿਉਂਕਿ ਪੰਜਾਬ ਦੇ ਇੱਕ ਲੱਖ ਤੋਂ ਵੱਧ ਸਕੀਮ ਵਰਕਰਾਂ ਜਿਵੇਂ ਕਿ ਆਂਗਣਵਾੜੀ, ਆਸ਼ਾ, ਮਿੱਡ-ਡੇ-ਮੀਲ ਵਰਕਰਜ਼ ਲਈ ਇਸ ਵਿੱਚ ਕੁੱਝ ਵੀ ਨਹੀਂ, ਉਹ ਸਿਰਫ ਨਿਗੂਣੇ ਮਾਣ-ਭੱਤਿਆਂ ’ਤੇ ਹੀ 12-12 ਘੰਟੇ ਕੰਮ ਕਰਦੀਆਂ ਔਰਤਾਂ ਹਨ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਵਾਅਦੇ ਬਾਰੇ ਸਰਕਾਰ ਵੱਲੋਂ ਚੁੱਪ ਧਾਰ ਕੇ ਲੱਗਭੱਗ ਦੋ ਲੱਖ ਮੁਲਾਜ਼ਮਾਂ ਨਾਲ ਇੱਕ ਵੱਡਾ ਧੋਖਾ ਕੀਤਾ ਗਿਆ ਹੈ। ਢਾਈ ਲੱਖ ਤੋਂ ਵੱਧ ਕੰਟਰੈਕਟ/ਆਊਟ ਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਦੇ ਵੱਡੇ ਮਸਲੇ ਤੋਂ ਵੀ ਸਰਕਾਰ ਪਾਸਾ ਵੱਟ ਗਈ। 50 ਲੱਖ ਤੋਂ ਵੱਧ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕਰਨ ਨੂੰ ਨਜ਼ਰ-ਅੰਦਾਜ਼ ਕੀਤਾ ਹੈ। 3 ਲੱਖ ਖਾਲੀ ਪੋਸਟਾਂ ਵਿੱਚੋਂ 40 ਹਜ਼ਾਰ ਲੰਗੜੀਆਂ ਨੌਕਰੀਆਂ ਦੇ ਕੇ ਭੱਲ ਖੱਟਣ ਦੀ ਕੋਸ਼ਿਸ਼ ਹਾਸੋਹੀਣੀ ਵਾਹਵਾ ਤੋਂ ਵੱਧ ਕੁੱਝ ਨਹੀਂ। ਸਭ ਤੋਂ ਵੱਧ ਥੱਲੇ ਵਾਲਾ ਕੰਮ ਕਰਨ ਵਾਲੇ ਸਫਾਈ ਸੇਵਕਾਂ ਦੀ ਭਲਾਈ ਲਈ ਇੱਕ ਅੱਖਰ ਵੀ ਇਸ ਬੱਜਟ ਵਿੱਚ ਨਹੀਂ ਹੈ। ਟਰਾਂਸਪੋਰਟ ਮਾਫੀਏ ਨੂੰ ਪ੍ਰਫੁੱਲਤ ਕਰਨ ਦਾ ਧਿਆਨ ਰੱਖਦੇ ਹੋਏ ਸਰਕਾਰੀ ਟਰਾਂਸਪੋਰਟ ਵਿੱਚ ਨਵੀਆਂ ਬੱਸਾਂ ਪਾਉਣ ਲਈ ਕੋਈ ਪੈਸਾ ਨਹੀਂ ਰੱਖਿਆ ਗਿਆ। ਪੰਜਾਬ ਦੇ ਮੁਲਾਜ਼ਮਾਂ ਦੇ ਪੇਕਮਿਸ਼ਨ ਦੇ 17 ਸੌ ਕਰੋੜ ਬਕਾਏ ਅਤੇ ਡੀ.ਏ. ਦੇ 13 ਸੌ ਕਰੋੜ ਦੇ ਬਕਾਏ ਅਤੇ ਡੀ.ਏ. ਦੀਆਂ ਕਿਸ਼ਤਾਂ ਦੇਣਾ ਵੀ ਸਰਕਾਰ ਨੇ ਬੇਲੋੜਾ ਸਮਝਿਆ। ਆਗੂਆਂ ਨੇ ਕਿਹਾ ਕਿ ਕੁੱਲ ਮਿਲਾ ਕੇ ਇਸ ਬਜਟ ਵਿੱਚ ਪੰਜਾਬ ਦੀ ਅੱਧੀ ਤੋਂ ਵੱਧ ਆਬਾਦੀ ਨੂੰ ਗਰੀਬੀ ਵਿੱਚ ਰਹਿਣ ਲਈ ਆਪਣੇ ਹੀ ਰਹਿਮੋਕਰਮ ’ਤੇ ਛੱਡ ਦਿੱਤਾ ਗਿਆ ਹੈ । ਮੁੱਖ ਮੰਤਰੀ ਪੰਜਾਬ ਦੇ ਕਿਸੇ ਵਰਗ ਨੂੰ ਮਿਲਣ ਦਾ ਵੀ ਸਮਾਂ ਨਹੀਂ ਦਿੰਦੇ। ਰੈਲੀ ਨੂੰ ਜਿਨ੍ਹਾਂ ਹੋਰ ਆਗੂਆਂ ਨੇ ਸੰਬੋਧਨ ਕੀਤਾ, ਉਹਨਾਂ ਵਿੱਚ ਸਰਵਸ੍ਰੀ ਬਲਜਿੰਦਰ ਸਿੰਘ, ਮਾਧੋ ਰਾਹੀ, ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਇੰਦਰ ਪਾਲ ਵਾਲੀਆ, ਰਾਜੇਸ਼ ਕੁਮਾਰ, ਗੁਰਦਰਸ਼ਨ ਸਿੰਘ, ਪ੍ਰੀਤਮ ਚੰਦ ਠਾਕੁਰ, ਕਰਮਚੰਦ ਗਾਂਧੀ, ਭਿੰਦਰ ਸਿੰਘ, ਨਾਰੰਗ ਸਿੰਘ, ਸ਼ਿਵ ਚਰਨ, ਗੁਰਵਿੰਦਰ ਗੋਲਡੀ, ਨਿਸ਼ਾ ਰਾਣੀ, ਲਖਵੀਰ, ਹਰਬੰਸ ਸਿੰਘ, ਸੁਭਾਸ਼, ਮੱਖਣ ਸਿੰਘ, ਵੈਦ ਪ੍ਰਕਾਸ਼, ਬਲਬੀਰ ਸਿੰਘ, ਬੰਸੀ ਲਾਲ, ਪ੍ਰਕਾਸ਼ ਲੁਬਾਣਾ, ਰਾਜੇਸ਼ ਗੋਲੂ ਆਦਿ ਸ਼ਾਮਲ ਸਨ।
ਅੰਤ ਵਿੱਚ ਬੱਜਟ ਦੀਆਂ ਕਾਪੀਆਂ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਇਸ ਮੌਕੇ ਸਰਕਾਰ ਦੇ ਵਿਰੋਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਪਿੱਟ-ਸਿਆਪਾ ਕੀਤਾ ਗਿਆ।




