ਚੰਡੀਗੜ੍ਹ : ਪੰਜਾਬ-ਹਰਿਆਣਾ ਸਰਹੱਦ ’ਤੇ 21 ਸਾਲਾ ਕਿਸਾਨ ਸ਼ੁੱਭਕਰਨ ਸਿੰਘ ਦੀ ਮੌਤ ਦੇ ਕਰੀਬ ਦੋ ਹਫਤਿਆਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਉਸ ਦੀ ਮੌਤ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਇਹ ਵੀ ਸਾਫ ਕੀਤਾ ਕਿ ਪ੍ਰਤੱਖ ਕਾਰਨਾਂ ਕਰਕੇ ਜਾਂਚ ਪੰਜਾਬ ਜਾਂ ਹਰਿਆਣਾ ਨੂੰ ਨਹੀਂ ਸੌਂਪੀ ਜਾ ਸਕਦੀ। ਕਾਰਜਕਾਰੀ ਚੀਫ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਤੇ ਜਸਟਿਸ ਲਪਿਤਾ ਬੈਨਰਜੀ ਦੀ ਡਵੀਜ਼ਨ ਬੈਂਚ ਨੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਅਤੇ ਹਰਿਆਣਾ ਤੇ ਪੰਜਾਬ ਦੇ ਦੋ ਏ ਡੀ ਜੀ ਪੀ ਰੈਂਕ ਦੇ ਅਫਸਰਾਂ ਵਾਲੀ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ।
ਬੈਂਚ ਨੇ ਜ਼ੁਬਾਨੀ ਟਿੱਪਣੀ ਕੀਤੀਬੱਚਿਆਂ ਨੂੰ ਢਾਲ ਵਜੋਂ ਵਰਤਿਆ ਜਾ ਰਿਹਾ ਹੈ। ਇਹ ਨਿਹਾਇਤ ਸ਼ਰਮਨਾਕ ਹੈ। ਰਾਜ ਦੀ ਬਦਕਿਸਮਤ ਸਥਿਤੀ ਨੂੰ, ਜਿਨ੍ਹਾਂ ਬੱਚਿਆਂ ਨੇ ਸਕੂਲ ਵਿਚ ਪੜ੍ਹਨਾ ਹੈ, ਉਨ੍ਹਾਂ ਨੂੰ ਉਹ ਦਿਖਾਇਆ ਜਾ ਰਿਹਾ ਹੈ, ਜੋ ਨਹੀਂ ਦਿਖਾਇਆ ਜਾਣਾ ਚਾਹੀਦਾ। ਇਹ ਜੰਗ ਵਰਗੀ ਸਥਿਤੀ ਹੈ।
ਬੈਂਚ ਨੇ ਇਹ ਕਹਿਣ ਕਿ ਮੌਤ ਪੁਲਸ ਫੋਰਸ ਦੀ ਵਧੀਕੀ ਕਾਰਨ ਹੋਈ ਲੱਗਦੀ ਹੈ, ਹਰਿਆਣਾ ਤੋਂ ਪ੍ਰੋਟੈੱਸਟਰਾਂ ਖਿਲਾਫ ਵਰਤੀਆਂ ਗਈਆਂ ਗੋਲੀਆਂ ਤੇ ਛੱਰਿਆਂ ਦੀ ਕਿਸਮ ਪੁੱਛੀ। ਬੈਂਚ ਨੇ ਐੱਫ ਆਈ ਆਰ ਦਰਜ ਕਰਨ ਵਿਚ ਦੇਰੀ ਲਈ ਪੰਜਾਬ ਪੁਲਸ ਦੀ ਵੀ ਖਿਚਾਈ ਕੀਤੀ ਕਿ ਘਟਨਾ 21 ਫਰਵਰੀ ਨੂੰ ਵਾਪਰੀ ਤੇ ਉਸ ਨੇ ਐੱਫ ਆਈ ਆਰ 28 ਫਰਵਰੀ ਨੂੰ ਦਰਜ ਕੀਤੀ।




