ਜਲੰਧਰ (ਸ਼ੈਲੀ ਐਲਬਰਟ)
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੁਲਸ ਨੇ 22 ਕਿਲੋ ਅਫੀਮ ਸਮੇਤ 9 ਹੋਰ ਸਮੱਗਲਰਾਂ ਨੂੰ ਕਾਬੂ ਕੀਤਾ ਹੈ ਜੋ ਕਿ ਇਸ ਰੈਕੇਟ ਦਾ ਹਿੱਸਾ ਸਨ। ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਉਤਪਾਦਕਾਂ, ਕੁਲੈਕਟਰਾਂ, ਸਪਲਾਇਰਾਂ, ਪੈਕੇਜਰਾਂ, ਕੋਰੀਅਰ ਆਪਰੇਟਰਾਂ, ਮਦਦਗਾਰਾਂ ਅਤੇ ਅੰਤਮ ਪ੍ਰਾਪਤਕਰਤਾਵਾਂ ਸਮੇਤ ਸਾਰੇ ਹਿੱਸੇਦਾਰਾਂ ਦੀ ਗਿ੍ਰਫਤਾਰੀ ਅਤੇ ਨਾਮਜ਼ਦਗੀ ਨਾਲ ਪੂਰੀ ਸਪਲਾਈ ਚੇਨ ਨੂੰ ਤੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੂੰਘਾਈ ਨਾਲ ਜਾਂਚ ਦੇ ਆਧਾਰ ’ਤੇ ਅਭੀ ਰਾਮ ਉਰਫ ਅਲੈਕਸ ਵਾਸੀ ਝਾਰਖੰਡ ਨੂੰ 12 ਕਿਲੋ ਅਫੀਮ ਸਮੇਤ ਰਾਂਚੀ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਜਲੰਧਰ ਦੇ ਮਨੀ, ਪਵਨ, ਸਿਕੰਦਰ ਅਤੇ ਹੁਸ਼ਿਆਰਪੁਰ ਦੇ ਬਲਿਹਾਰ ਨੂੰ ਪੰਜ ਕਿਲੋ ਅਫੀਮ, ਤਿੰਨ ਗੱਡੀਆਂ ਅਤੇ ਪੈਕੇਜਿੰਗ ਸਮੱਗਰੀ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਦੀ ਆਪਣੀ ਕੋਰੀਅਰ ਕੰਪਨੀ/ਫਰਮਾਂ ਹਨ ਜੋ ਅਫੀਮ ਇਕੱਠੀ ਕਰਨ, ਪੈਕਿੰਗ ਕਰਨ ਅਤੇ ਦਿੱਲੀ ਦੇ ਕਸਟਮ ਨੂੰ ਕੋਰੀਅਰ ਭੇਜਣ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਹ ਲੋਕ ਯੂ.ਕੇ., ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਸਥਿਤ ਪੰਜ ਵਿਦੇਸ਼ੀ ਸੰਸਥਾਵਾਂ ਤੋਂ ਅਫੀਮ ਦੇ ਪੈਕਟ ਪਹੁੰਚਾਉਣ ਦੇ ਟਿਕਾਣੇ ਦਾ ਵੇਰਵਾ ਲੈਂਦੇ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਦੀ ਅਮਰਜੀਤ ਕੌਰ ਅਤੇ ਸੰਨੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਕਿਉਂਕਿ ਉਹ ਹਵਾਲਾ ਰੂਟਾਂ ਰਾਹੀਂ ਨਸ਼ਿਆਂ ਦੇ ਪੈਸੇ ਨੂੰ ਦੇਸ਼ ਵਿੱਚ ਦਾਖਲ ਕਰਨ ਵਿੱਚ ਸ਼ਾਮਲ ਸਨ। ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥਾਂ ਦੇ ਪੈਸੇ ਲਿਜਾਣ ਲਈ ਵਰਤਿਆ ਜਾਣ ਵਾਲਾ ਵਾਹਨ ਵੀ ਜ਼ਬਤ ਕੀਤਾ ਗਿਆ ਹੈ ਅਤੇ ਫਗਵਾੜਾ ਤੋਂ ਵੈਸਟਰਨ ਯੂਨੀਅਨ ਸੰਚਾਲਕ ਅਮਿਤ ਸ਼ੁਕਲਾ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ ਕਿਉਂਕਿ ਉਹ ਪੰਜਾਬ, ਝਾਰਖੰਡ ਅਤੇ ਦਿੱਲੀ ਵਿੱਚ ਹਵਾਲਾ ਲੈਣ-ਦੇਣ ਵਿੱਚ ਸ਼ਾਮਲ ਸੀ, ਜਿੱਥੇ ਵਿਦੇਸ਼ਾਂ ਤੋਂ ਨਸ਼ੀਲੇ ਪਦਾਰਥਾਂ ਦੇ ਪੈਸੇ ਆਪ੍ਰੇਟਰਾਂ ਨੂੰ ਵੰਡੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਮੋਦ ਨੂੰ ਦਿੱਲੀ ਕਸਟਮ ਅਧਿਕਾਰੀਆਂ ਨਾਲ ਤਾਲਮੇਲ ਕਰਨ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਕਿਹਾ ਕਿ ਵਿਦੇਸ਼ਾਂ ਵਿੱਚ ਆਵਾਜਾਈ ਲਈ ਹਰ ਪਾਰਸਲ ਨੂੰ ਕਲੀਅਰ ਕਰਨ ਲਈ ਕਸਟਮ ਅਧਿਕਾਰੀਆਂ ਨੂੰ ਵੱਡੀ ਰਕਮ ਅਦਾ ਕੀਤੀ ਗਈ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਕਸਟਮ ਵਿਭਾਗ ਦੇ ਛੇ ਅਧਿਕਾਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ 9 ਕਰੋੜ ਦੀ ਵੱਡੀ ਰਕਮ ਵਾਲੇ 30 ਬੈਂਕ ਖਾਤੇ ਫ੍ਰੀਜ ਕੀਤੇ ਗਏ ਅਤੇ ਡਰੱਗ ਮਨੀ ਤੋਂ ਬਣੀਆਂ 6 ਕਰੋੜ ਦੀਆਂ 12 ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ । ਕਮਿਸ਼ਨਰੇਟ ਪੁਲਸ ਨੇ 3 ਮਾਰਚ ਨੂੰ ਕੋਰੀਅਰ ਏਜੰਸੀ ਰਾਹੀਂ ਚਾਰ ਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਵਿਅਕਤੀਆਂ ਨੂੰ 5 ਕਿਲੋਗ੍ਰਾਮ ਅਫੀਮ ਸਮੇਤ ਗਿ੍ਰਫਤਾਰ ਕੀਤਾ ਹੈ।




