ਮਮਤਾ ਨੇ ਸਾਰੇ ਉਮੀਦਵਾਰ ਐਲਾਨੇ

0
219

ਕੋਲਕਾਤਾ : ਤਿ੍ਰਣਮੂਲ ਕਾਂਗਰਸ ਦੀ ਪ੍ਰਧਾਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਕੋਲਕਾਤਾ ਦੇ ਬਿ੍ਰਗੇਡ ਪਰੇਡ ਮੈਦਾਨ ਵਿਚ ਵਿਸ਼ਾਲ ਰੈਲੀ ਕਰਕੇ ਲੋਕ ਸਭਾ ਚੋਣਾਂ ਲਈ ਪੱਛਮੀ ਬੰਗਾਲ ਤੋਂ ਆਪਣੇ ਸਾਰੇ ਦੇ ਸਾਰੇ 42 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਾਰਟੀ ਨੇ ਬਹਿਰਾਮਪੁਰ ਤੋਂ ਸਾਬਕਾ ਕਿ੍ਰਕਟਰ ਯੂਸੁਫ ਪਠਾਨ, ਡਾਇਮੰਡ ਹਾਰਬਰ ਤੋਂ ਅਭਿਸ਼ੇਕ ਬੈਨਰਜੀ, ਬਸ਼ੀਰਹਾਟ ਤੋਂ ਹਾਜੀ ਨੁਰੁਲ ਇਸਲਾਮ, ਬਰਧਮਾਨ ਤੋਂ ਕੀਰਤੀ ਆਜ਼ਾਦ, ਦਾਰਜੀਲਿੰਗ ਤੋਂ ਗੋਪਾਲ ਲਾਮਾ, ਕਿ੍ਰਸ਼ਨਾਨਗਰ ਤੋਂਂ ਮਹੂਆ ਮੋਇਤਰਾ, ਬੀਰਭੂਮ ਤੋਂ ਸ਼ਤਾਬਦੀ ਰੇਅ ਤੇ ਆਸਨਸੋਲ ਤੋਂ ਸ਼ਤਰੂਘਨ ਸਿਨਹਾ ਨੂੰ ਉਮੀਦਵਾਰ ਐਲਾਨਿਆ ਹੈ।
ਪਾਰਟੀ ਨੇ 7 ਸਾਂਸਦਾਂ ਨੂੰ ਮੁੜ ਟਿਕਟ ਨਹੀਂ ਦਿੱਤੀ ਹੈ ਤੇ 15 ਨੂੰ ਮੁੜ ਉਮੀਦਵਾਰ ਬਣਾਇਆ ਹੈ। ਲਿਸਟ ਵਿਚ 12 ਮਹਿਲਾਵਾਂ ਹਨ। ਯੂਸੁਫ ਪਠਾਨ ਦਾ ਮੁਕਾਬਲਾ ਬਹਿਰਾਮਪੁਰ ਵਿਚ ਕਾਂਗਰਸ ਦੇ ਲੋਕ ਸਭਾ ਵਿਚ ਆਗੂ ਅਧੀਰ ਰੰਜਨ ਚੌਧਰੀ ਨਾਲ ਹੋਵੇਗਾ।
ਚੌਧਰੀ ਨੇ ਕਿਹਾ ਹੈ ਕਿ ਜੇ ਤਿ੍ਰਣਮੂਲ ਕਾਂਗਰਸ ਯੂਸੁਫ ਪਠਾਨ ਨੂੰ ਮਾਣ ਬਖਸ਼ਣਾ ਚਾਹੁੰਦੀ ਸੀ ਤਾਂ ਰਾਜ ਸਭਾ ਵਿਚ ਭੇਜ ਸਕਦੀ ਸੀ। ਪਠਾਨ ਨੂੰ ਆਮ ਲੋਕਾਂ ਦਾ ਧਰੁਵੀਕਰਨ ਕਰਕੇ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਖੜ੍ਹਾ ਕੀਤਾ ਗਿਆ ਹੈ। ਤਿ੍ਰਣਮੂਲ ਕਾਂਗਰਸ ਦੀ ਲਿਸਟ ਸਾਬਤ ਕਰਦੀ ਹੈ ਕਿ ਮਮਤਾ ਬੈਨਰਜੀ ’ਤੇ ਹੋਰਨਾਂ ਪਾਰਟੀਆਂ ਨੂੰ ਭਰੋਸਾ ਨਹੀਂ ਕਰਨਾ ਚਾਹੀਦਾ। ਉਨ੍ਹਾ ਅੱਗੇ ਕਿਹਾਮਮਤਾ ਬੈਨਰਜੀ ਨੂੰ ਡਰ ਹੈ ਕਿ ਜੇ ਇੰਡੀਆ ਗੱਠਜੋੜ ਨਾਲ ਰਹੀ ਤਾਂ ਪ੍ਰਧਾਨ ਮੰਤਰੀ ਮੋਦੀ ਨਾਰਾਜ਼ ਹੋਣਗੇ। ਇੰਡੀਆ ਤੋਂ ਵੱਖ ਹੁੰਦਿਆਂ ਉਨ੍ਹਾ ਪ੍ਰਧਾਨ ਮੰਤਰੀ ਦਫਤਰ ਨੂੰ ਸੁਨੇਹਾ ਘੱਲਿਆ ਹੈ ਕਿ ਮੇਰੇ ਨਾਲ ਨਾਰਾਜ਼ ਨਾ ਹੋਇਓ, ਮੈਂ ਭਾਜਪਾ ਖਿਲਾਫ ਲੜਨ ਵਾਲਿਆਂ ਨਾਲ ਨਹੀਂ ਖੜ੍ਹੀ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਉਹ ਪੱਛਮੀ ਬੰਗਾਲ ਵਿਚ ਸਭ ਨੂੰ ਪ੍ਰਵਾਨਤ ਸੀਟ ਐਡਜਸਟਮੈਂਟ ਚਾਹੁੰਦੇ ਸਨ। ਕਾਂਗਰਸ ਦਾ ਸਮਾਜਵਾਦੀ ਪਾਰਟੀ, ਦਿੱਲੀ ਵਿਚ ਆਮ ਆਦਮੀ ਪਾਰਟੀ, ਤਾਮਿਲਨਾਡੂ ਵਿਚ ਡੀ ਐੱਮ ਕੇ ਨਾਲ ਸਮਝੌਤਾ ਹੋ ਚੁੱਕਾ ਹੈ ਤੇ ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਨਾਲ ਤੇ ਮਹਾਰਾਸ਼ਟਰ ਵਿਚ ਭਾਈਵਾਲਾਂ ਨਾਲ ਸਮਝੌਤਾ ਨੇੜੇ ਪੁੱਜ ਚੁੱਕਾ ਹੈ। ਕਾਂਗਰਸ ਇੰਡੀਆ ਗੱਠਜੋੜ ਨੂੰ ਤਕੜਾ ਕਰਨ ਲਈ ਤਿ੍ਰਣਮੂਲ ਕਾਂਗਰਸ ਨਾਲ ਸਮਝੌਤਾ ਚਾਹੁੰਦੀ ਸੀ। ਮਮਤਾ ਬੈਨਰਜੀ ਨੇ ਵੀ ਵਾਰ-ਵਾਰ ਕਿਹਾ ਕਿ ਉਹ ਪੱਛਮੀ ਬੰਗਾਲ ਵਿਚ ਭਾਜਪਾ ਨੂੰ ਹਰਾਉਣਾ ਚਾਹੁੰਦੀ ਹੈ। ਪਤਾ ਨਹੀਂ ਕਿਸ ਦਬਾਅ ਵਿਚ ਉਨ੍ਹਾ ਆਪਣੇ ਉਮੀਦਵਾਰ ਐਲਾਨ ਦਿੱਤੇ। ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।
ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾਸਾਡੇ ਦਰਵਾਜ਼ੇ ਹਰ ਵੇਲੇ ਖੁੱਲ੍ਹੇ ਹਨ। ਨਾਮਜ਼ਦਗੀਆਂ ਵਾਪਸ ਲੈਣ ਤੋਂ ਪਹਿਲਾਂ ਕਿਸੇ ਵੀ ਸਮੇਂ ਤਿ੍ਰਣਮੂਲ ਨਾਲ ਗੱਠਜੋੜ ਹੋ ਸਕਦਾ ਹੈ।
ਪਿਛਲੀ ਵਾਰ ਤਿ੍ਰਣਮੂਲ ਕਾਂਗਰਸ ਨੇ 22, ਭਾਜਪਾ ਨੇ 18 ਤੇ ਕਾਂਗਰਸ ਨੇ ਦੋ ਸੀਟਾਂ ਜਿੱਤੀਆਂ ਸਨ।

LEAVE A REPLY

Please enter your comment!
Please enter your name here