ਨਵੀਂ ਦਿੱਲੀ : ਪੰਜਾਬੀ ਦੇ ਉੱਘੇ ਸਾਹਿਤਕਾਰ, ਕਵੀ, ਅਨੁਵਾਦਕ ਅਤੇ ਵਾਰਤਕਕਾਰ ਡਾ. ਕਰਨਜੀਤ ਸਿੰਘ ਦਾ ਸੋਮਵਾਰ ਸਵੇਰੇ ਦਿੱਲੀ ਵਿੱਚ ਦੇਹਾਂਤ ਹੋ ਗਿਆ | ਉਨ੍ਹਾ ਦਾ ਜਨਮ 12 ਅਪ੍ਰੈਲ 1930 ਨੂੰ ਪੱਟੀ, ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ ਸੀ | ਡਾ. ਕਰਨਜੀਤ ਸਿੰਘ ਦਾ ਸਾਰਾ ਜੀਵਨ ਪੰਜਾਬੀ ਸਾਹਿਤ ਦੀ ਸੇਵਾ ਨੂੰ ਪ੍ਰਣਾਇਆ ਰਿਹਾ | ਉਹ 1957 ਤੋਂ ਲੈ ਕੇ 1961 ਤੱਕ ਲੋਕ ਲਿਖਾਰੀ ਸਭਾ ਅੰਮਿ੍ਤਸਰ ਦੇ ਜਨਰਲ ਸਕੱਤਰ ਰਹੇ ਅਤੇ ਮਗਰੋਂ ਜਾ ਕੇ ਪੰਜਾਬੀ ਲੇਖਕ ਸਭਾ ਦਿੱਲੀ ਦੇ ਸੰਸਥਾਪਕਾਂ ਵਿੱਚੋਂ ਸਨ | ਉਹ ਲੰਮਾ ਸਮਾਂ ਪੰਜਾਬੀ ਭਵਨ ਦਿੱਲੀ ਦੇ ਡਾਇਰੈਕਟਰ ਰਹੇ ਅਤੇ ਕਈ ਸਾਲ ‘ਸਮਕਾਲੀ ਸਾਹਿਤ’ ਦੇ ਸੰਪਾਦਕ ਵੀ | ਆਪਣੇ ਆਖਰੀ ਵੇਲੇ ਤੱਕ ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੈਂਬਰ ਵੀ ਰਹੇ ਅਤੇ ਸਭਾ ਦੀਆਂ ਸਰਗਰਮੀਆਂ ਵਿਚ ਲਗਾਤਾਰ ਹਿੱਸਾ ਪਾਉਂਦੇ ਰਹੇ | ਪੰਜਾਬੀ ਅਦਬ ਦੀ ਝੋਲੀ ਵਿੱਚ ਉਹਨਾਂ ਨੇ ਪਹਿਲਾਂ ਦੋ ਕਾਵਿ ਸੰਗ੍ਰਹਿ ‘ਰਿਸ਼ਤੇ’ ਅਤੇ ‘ਫੁੱਲ ਵੀ ਅੰਗਿਆਰ’ ਪਾਏ ¢ ਇਸ ਤੋਂ ਇਲਾਵਾ ਉਹਨਾਂ ਦੀਆਂ ਸਾਹਿਤਕ ਹਸਤੀਆਂ ਨਾਲ ਮੁਲਾਕਾਤਾਂ ਦੀਆਂ ਦੋ ਕਿਤਾਬਾਂ ‘ਕਲਮ ਦੀ ਅੱਖ’ ਅਤੇ ‘ਜਿਨ੍ਹਾ ਪਛਾਤਾ ਸੱਚ’ ਬਹੁਤ ਮਕਬੂਲ ਹੋਈਆਂ ¢ ਆਖਰੀ ਸਾਲਾਂ ਵਿੱਚ ਉਹਨਾਂ ਨੇ ਆਪਣੀ ਜੀਵਨ ਕਹਾਣੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਲਿਖਿਆ, ਜਿਨ੍ਹਾਂ ਦੇ ਨਾਂਅ ‘ਮੈਂ ਭੋਲਾਵਾ ਪਗ ਦਾ’, ‘ਹਾਸ਼ੀਏ ਦੀ ਇਬਾਰਤ’ ਅਤੇ ‘ਏਨੀ ਮੇਰੀ ਬਾਤ’ ਹਨ | ਇਸ ਸਮੇਂ ਉਹਨਾਂ ਦੀ ਸਾਹਿਤਕ ਸਵੈਜੀਵਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪ੍ਰਕਾਸ਼ਨ ਅਧੀਨ ਹੈ | ਲੰਘੀ ਸਦੀ ਦੇ 70ਵਿਆਂ ਅਤੇ 80ਵਿਆਂ ਦੇ ਦਹਾਕਿਆਂ ਵਿੱਚ ਉਹ ਪ੍ਰਗਤੀਸ਼ੀਲ ਪ੍ਰਕਾਸ਼ਨ, ਮਾਸਕੋ ਵਿੱਚ ਬਤÏਰ ਅਨੁਵਾਦਕ ਸਰਗਰਮ ਰਹੇ ਤੇ ਉਹਨਾਂ ਨੇ ਰੂਸੀ ਦੀਆਂ ਬਹੁਤ ਸਾਰੀਆਂ ਸਾਹਿਤਕ ਅਤੇ ਸਿਆਸੀ ਰਚਨਾਵਾਂ ਨੂੰ ਪੰਜਾਬੀ ਵਿੱਚ ਉਲਥਾਇਆ | ਉਹ ਆਪਣੇ ਪਿੱਛੇ ਚਾਰ ਬੇਟੀਆਂ ਤੇ ਦੋ ਬੇਟੇ ਛੱਡ ਗਏ ਹਨ |



