ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਹਰਕਤਾਂ ਦੇ ਨਤੀਜਿਆਂ ਨੂੰ ਸ਼ਾਇਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਇਲਾਵਾ ਕੋਈ ਬਹੁਤਾ ਨਹੀਂ ਸਮਝਦਾ। ਇਸੇ ਕਰਕੇ ਉਨ੍ਹਾ ਕਿਹਾ ਹੈ ਕਿ ਅਮਰੀਕਾ ਨਾਲ ਦਹਾਕਿਆਂ ਦੀ ਸਾਂਝੇਦਾਰੀ ਤੋਂ ਬਾਅਦ, ਦੋਵਾਂ ਦੇਸ਼ਾਂ ਵਿਚਕਾਰ ਨੇੜਲੇ ਆਰਥਿਕ ਸੰਬੰਧ ਇੱਕ ਕਮਜ਼ੋਰੀ ਬਣ ਗਏ ਹਨ, ਜਿਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ। ਕਾਰਨੀ ਨੇ ਐਤਵਾਰ 10 ਮਿੰਟ ਦੀ ਇੱਕ ਵੀਡੀਓ ਵਿੱਚ ਕੈਨੇਡਾ ਦੇ ਅਮਰੀਕਾ ਨਾਲ ਸੰਬੰਧਾਂ ‘ਤੇ ਟਿੱਪਣੀਆਂ ਦਿੱਤੀਆਂ, ਜਿਸ ਵਿੱਚ ਉਨ੍ਹਾ ਸੰਕੇਤ ਦਿੱਤਾ ਕਿ ਕੈਨੇਡਾ ਨੂੰ ਕਿਸੇ ਇੱਕ ਦੇਸ਼ ‘ਤੇ ਬਹੁਤ ਜ਼ਿਆਦਾ ਨਿਰਭਰਤਾ ਤੋਂ ਦੂਰ ਜਾਣਾ ਚਾਹੀਦਾ ਹੈ। ਕਾਰਨੀ ਮੁਤਾਬਕ ਦੁਨੀਆ ਹੋਰ ਖਤਰਨਾਕ ਹੋ ਗਈ ਹੈ ਤੇ ਵੰਡੀ ਗਈ ਹੈ। ਅਮਰੀਕਾ ਨੇ ਵਪਾਰ ਪ੍ਰਤੀ ਆਪਣਾ ਨਜ਼ਰੀਆ ਬੁਨਿਆਦੀ ਤੌਰ ‘ਤੇ ਬਦਲ ਦਿੱਤਾ ਹੈ, ਆਪਣੇ ਟੈਰਿਫਾਂ ਨੂੰ ਮਹਾਂ ਮੰਦੀ ਦੌਰਾਨ ਆਖਰੀ ਵਾਰ ਦੇਖੇ ਗਏ ਪੱਧਰ ਤੱਕ ਵਧਾ ਦਿੱਤਾ ਹੈ। ਅਮਰੀਕਾ ਨਾਲ ਕੈਨੇਡਾ ਦੇ ਨੇੜਲੇ ਸੰਬੰਧਾਂ ਦੇ ਆਧਾਰ ‘ਤੇ ਉਸ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਤਾਕਤਾਂ ਕਮਜ਼ੋਰੀਆਂ ਬਣ ਗਈਆਂ ਹਨ, ਜਿਨ੍ਹਾਂ ਨੂੰ ਠੀਕ ਕਰਨਾ ਪੈਣਾ ਹੈ।
ਕਾਰਨੀ ਦੀਆਂ ਇਹ ਤਾਜ਼ਾ ਟਿੱਪਣੀਆਂ ਦਹਾਕਿਆਂ ਦੇ ਆਰਥਿਕ ਏਕੀਕਰਨ ਤੋਂ ਬਾਅਦ ਅਮਰੀਕਾ-ਕੈਨੇਡਾ ਸੰਬੰਧਾਂ ਦੇ ਬਦਲਦੇ ਸੁਭਾਅ ਦਾ ਸੰਕੇਤ ਹਨ, ਕਿਉਂਕਿ ਟਰੰਪ ਵੱਲੋਂ ਉੱਚ ਟੈਰਿਫਾਂ ਦੀਆਂ ਧਮਕੀਆਂ ਦੁਨੀਆ ਭਰ ਦੇ ਦੁਸ਼ਮਣਾਂ ਅਤੇ ਸਹਿਯੋਗੀਆਂ ਨਾਲ ਵਪਾਰਕ ਸੰਬੰਧਾਂ ਨੂੰ ਵਿਗਾੜਦੀਆਂ ਹਨ। ਟਰੰਪ ਦੀਆਂ ਇਨ੍ਹਾਂ ਟਿੱਪਣੀਆਂ ਕਿ ਕੈਨੇਡਾ ਨੂੰ ਅਮਰੀਕੀ ਰਾਜ ਬਣਨਾ ਚਾਹੀਦਾ ਹੈ, ਨੇ ਵੀ ਕੈਨੇਡੀਅਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵੀਡੀਓ ਦੇ ਇੱਕ ਬਿੰਦੂ ‘ਤੇ ਕਾਰਨੀ ਨੇ ਇੱਕ ਖਿਡੌਣੇ ਵਾਲੇ ਸਿਪਾਹੀ ਨੂੰ ਚੁੱਕਿਆ ਹੋਇਆ ਸੀ, ਜਿਸ ਵਿੱਚ ਜਨਰਲ ਆਈਜ਼ੈਕ ਬ੍ਰੌਕ ਨੂੰ ਦਰਸਾਇਆ ਗਿਆ, ਜੋ ਕਿ ਇੱਕ ਬ੍ਰਿਟਿਸ਼ ਫੌਜੀ ਕਮਾਂਡਰ ਸੀ, ਜਿਹੜਾ 1812 ਵਿੱਚ ਅਜੋਕੇ ਕੈਨੇਡਾ ‘ਚ ਅਮਰੀਕੀ ਫੌਜਾਂ ਦੇ ਦਖਲ ਵਿਰੁੱਧ ਲੜਿਆ ਸੀ। ਕਾਰਨੀ ਮੁਤਾਬਕ ਅੱਜ ਦੀ ਸਥਿਤੀ ਵਿਲੱਖਣ ਮਹਿਸੂਸ ਹੁੰਦੀ ਹੈ, ਪਰ ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕੀਤਾ ਹੈ।
ਕਾਰਨੀ ਦੀ ਲਿਬਰਲ ਪਾਰਟੀ ਦੀ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਪ ਚੋਣਾਂ ਵਿੱਚ ਸੰਸਦੀ ਬਹੁਮਤ ਪ੍ਰਾਪਤ ਕੀਤਾ, ਜਿਸ ਨਾਲ ਉਸ ਨੂੰ ਅਮਰੀਕਾ ਨਾਲ ਵਪਾਰਕ ਸੰਬੰਧਾਂ ਵਰਗੇ ਮੁੱਖ ਆਰਥਿਕ ਮੁੱਦਿਆਂ ‘ਤੇ ਰਣਨੀਤੀ ਬਣਾਉਣ ਲਈ ਵਧੇਰੇ ਜਗ੍ਹਾ ਮਿਲ ਗਈ ਹੈ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਕਾਰ ਮੁਕਤ ਵਪਾਰ ਸਮਝੌਤੇ ਦੀ ਸਮੀਖਿਆ ਜੁਲਾਈ ਵਿੱਚ ਹੋਣ ਵਾਲੀ ਹੈ। ਜਸਟਿਨ ਟਰੂਡੋ ਦੇ ਛੱਡ ਜਾਣ ਤੋਂ ਬਾਅਦ ਲਿਬਰਲ ਪਾਰਟੀ ਨੇ ਕਾਰਨੀ ਦੀ ਅਗਵਾਈ ਵਿੱਚ 2025 ਦੀਆਂ ਚੋਣਾਂ ਲੜ ਕੇ ਸਰਕਾਰ ਬਣਾਈ ਸੀ, ਜਿਸ ਦੌਰਾਨ ਉਨ੍ਹਾ ਨੇ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਪ੍ਰਤੀ ਇੱਕ ਦ੍ਰਿੜ੍ਹ ਰੁਖ ਅਪਣਾਉਣਗੇ, ਜਦੋਂ ਕਿ ਟਰੰਪ ਅਤੇ ਕਾਰਨੀ ਵਿਚਕਾਰ ਤਣਾਅ ਘਟ ਗਿਆ ਹੈ ਅਤੇ ਕੁਝ ਟੈਰਿਫ ਵਾਪਸ ਲੈ ਲਏ ਗਏ ਹਨ, ਫਿਰ ਵੀ ਕਾਰਨੀ ਅਮਰੀਕਾ ‘ਤੇ ਕੈਨੇਡਾ ਦੀ ਨਿਰਭਰਤਾ ਘਟਾਉਣ ਲਈ ਚੀਨ ਵਰਗੇ ਦੇਸ਼ਾਂ ਨਾਲ ਨੇੜਲੇ ਆਰਥਿਕ ਸੰਬੰਧ ਬਣਾਉਣ ਦੀ ਪਹਿਲਕਦਮੀ ਕਰ ਚੁੱਕੇ ਹਨ। ਕਾਰਨੀ ਦੀ ਸੋਚ ਹੈ ਕਿ ਕੈਨੇਡਾ ਨੂੰ ਆਪਣਾ ਧਿਆਨ ਰੱਖਣਾ ਪਵੇਗਾ, ਕਿਉਂਕਿ ਉਹ ਸਿਰਫ ਇੱਕ ਵਿਦੇਸ਼ੀ ਸਾਥੀ ‘ਤੇ ਭਰੋਸਾ ਨਹੀਂ ਕਰ ਸਕਦਾ।
ਕਾਰਨੀ ਦੀ ਇਹ ਸੋਚ ਭਾਰਤ ਸਣੇ ਹੋਰਨਾਂ ਉਨ੍ਹਾਂ ਦੇਸ਼ਾਂ ਲਈ ਨਸੀਹਤ ਹੈ, ਜਿਹੜੇ ਅਮਰੀਕਾ ਨਾਲ ਵਪਾਰਕ ਸੰਬੰਧ ਵਧਾ ਕੇ ਹੀ ਆਰਥਿਕ ਤਰੱਕੀ ਦੇ ਸੁਫਨੇ ਲੈ ਰਹੇ ਹਨ। ਅਮਰੀਕਾ ਨਾਲ ਵਪਾਰ ਦੇ ਨਤੀਜਿਆਂ ਬਾਰੇ ਕੈਨੇਡਾ ਨਾਲੋਂ ਵੱਧ ਕਿਹੜਾ ਦੇਸ਼ ਜਾਣ ਸਕਦਾ ਹੈ।



