ਸ਼ਾਹਕੋਟ (ਗਿਆਨ ਸੈਦਪੁਰੀ)-ਸੀ ਪੀ ਆਈ ਦੀ ਕੌਮੀ ਸਕੱਤਰ ਅਮਰਜੀਤ ਕੌਰ ਨੇ ਕਿਸਾਨਾਂ ਤੇ ਮਜਜ਼ਦੂਰਾਂ ਨੂੰ ਬੇਰੁਜ਼ਗਾਰੀ, ਗਰੀਬੀ ਅਤੇ ਹੋਰ ਦੁੱਖਾਂ ਵੱਲ ਧੱਕਣ ਲਈ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ | ਉਹ ਜੀਂਦ (ਹਰਿਆਣਾ) ਵਿਖੇ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੀਆਂ ਸੂਬਾ ਇਕਾਈਆਂ ਵੱਲੋਂ ਸਾਂਝੇ ਤੌਰ ‘ਤੇ ਕਰਵਾਈ ‘ਬਦਲਾਅ ਸੰਦੇਸ਼ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਪੂਰਾ ਕੰਮ ਤੇ ਦਿਹਾੜੀ ਨਾ ਦੇ ਕੇ ਭੁੱਖੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਇਸ ਦੇ ਉਲਟ ਕਾਰਪੋਰੇਟਾਂ ਦੀਆਂ ਤਜੌਰੀਆਂ ਹੋਰ ਨੱਕੋ-ਨੱਕ ਕੀਤੀਆਂ ਜਾ ਰਹੀਆਂ ਹਨ | ਸੀ ਪੀ ਆਈ ਦੀ ਆਗੂ ਨੇ 2020-21 ਵਿੱਚ ਦਿੱਲੀ ਦੀਆਂ ਬਰੂਹਾਂ ‘ਤੇ ਲੜੇ ਕਿਸਾਨ ਅੰਦੋਲਨ ਵਿੱਚ ਹਰਿਆਣਾ ਦੇ ਕਿਸਾਨਾਂ ਅਤੇ ਮਿਹਨਤਕਸ਼ ਜਨਤਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ | ਉਨ੍ਹਾ ਕਾਰਪੋਰੇਟ ਤੇ ਫਿਰਕੂ ਗਠਜੋੜ ਨੂੰ ਸੱਤਾ ਵਿੱਚੋਂ ਬਾਹਰ ਕਰਨ ਲਈ ਕਿਸਾਨਾਂ ਅਤੇ ਮਜ਼ਦੂਰਾਂ ਦੇ ਗੱਠਜੋੜ ਦੀ ਫੌਰੀ ਲੋੜ ‘ਤੇ ਜ਼ੋਰ ਦਿੱਤਾ | ਅਮਰਜੀਤ ਕੌਰ ਨੇ ਦੇਸ਼ ਪੱਧਰ ‘ਤੇ ਬਣੇ ‘ਇੰਡੀਆ’ ਗਠਜੋੜ ਵੱਲੋਂ ਦਿੱਤੇ ਸੱਦੇ ਅਨੁਸਾਰ ਹਰਿਆਣਾ ਵਿੱਚ ਭਾਜਪਾ ਤੇ ਜੇ ਜੇ ਪੀ ਨੂੰ ਕਰਾਰੀ ਹਾਰ ਦੇਣ ਦਾ ਹੋਕਾ ਦਿੱਤਾ | ਰੈਲੀ ਨੂੰ ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਖਤਰਨਾਕ ਚੋਣ ਬਾਂਡ ਨਿਯਮ ਜਿਸ ਨੂੰ ਉਨ੍ਹਾ ਦੀ ਪਾਰਟੀ ਨੇ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਉਹ ਕਾਰਪੋਰੇਟ ਫੰਡਿੰਗ ਦੇ ਜ਼ਰੀਏ ਭਿ੍ਸ਼ਟਾਚਾਰ ਨੂੰ ਜਾਇਜ਼ ਬਣਾਉਣ ਦੀ ਬੇਸ਼ਰਮ ਮਿਸਾਲ ਹੈ | ਉਨ੍ਹਾ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਭਾਰਤੀ ਸਟੇਟ ਬੈਂਕ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਚੋਣ ਫੰਡ ਦੇਣ ਵਾਲੀਆਂ ਕੰਪਨੀਆਂ ਦੇ ਨਾਂਅ ਜਾਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ | ਯੇਚੁਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਈ ਡੀ ਨੇ 6000 ਕੇਸ ਦਰਜ ਕੀਤੇ, ਪਰ ਸਜ਼ਾ ਸਿਰਫ 23 ਨੂੰ ਹੋਈ | ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਸੱਤਾਧਾਰੀ ਮੈਨੇਜਰ ਹੁੰਦਾ ਹੈ ਤੇ ਜਨਤਾ ਮਾਲਕ | ਦੇਸ਼ ਦਾ ਮੈਨੇਜਰ ਦੇਸ਼ ਨੂੰ ਵੇਚ ਰਿਹਾ ਹੈ, ਇਸ ਲਈ ਇਹੋ ਜਿਹੇ ਮੈਨੇਜਰ ਨੂੰ ਬਦਲਣ ਦੀ ਜ਼ਰੂਰਤ ਹੈ | ਦੋਵਾਂ ਕਮਿਊਨਿਸਟ ਆਗੂਆਂ ਨੇ ਭਾਜਪਾ ‘ਤੇ ਤਿੰਨ ਤਰਫਾ ਹਮਲਾ ਕਰਦਿਆਂ ਕਿਹਾ ਕਿ ਡਬਲ ਇੰਜਣ ਮੋਦੀ ਅਤੇ ਖੱਟਰ ਸਰਕਾਰਾਂ ਅਰਥ ਵਿਵਸਥਾ ਨੂੰ ਬਰਬਾਦ ਕਰ ਰਹੀਆਂ ਹਨ | ਲੋਕ ਤੰਤਰ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ | ਦੇਸ਼ ਦੇ ਪੁਰਾਣੇ ਸਮਾਜਕ-ਸੱਭਿਆਚਰਕ ਤਾਣੇ-ਬਾਣੇ ਨੂੰ ਖਤਰੇ ਵਿੱਚ ਪਾ ਦਿੱਤਾ ਹੈ |
ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੀਆਂ ਸੂਬਾ ਇਕਾਈਆਂ ਦੇ ਸਕੱਤਰ ਕ੍ਰਮਵਾਰ ਦਰਿਓ ਸਿੰਘ ਕਸ਼ਅਪ ਅਤੇ ਸੁਰਿੰਦਰ ਸਿੰਘ ਨੇ ‘ਬਦਲਾਅ ਸੰਦੇਸ਼ ਰੈਲੀ’ ਨੂੰ ਵੀ ਸੰਬੋਧਨ ਕੀਤਾ | ਰੈਲੀ ਦੀ ਪ੍ਰਧਾਨਗੀ ਇੰਦਰਜੀਤ ਸਿੰਘ ਅਤੇ ਨੀਲਮ ਸੰਧੂ ਨੇ ਕੀਤੀ | ਰੈਲੀ ਨੂੰ ਮਜ਼ਦੂਰ ਆਗੂ ਜੈ ਭਗਵਾਨ, ਖੇਤ ਮਜ਼ਦੂਰ ਆਗੂ ਪ੍ਰੇਮ ਚੰਦ, ਇਸਤਰੀ ਆਗੂ ਸਵਿਤਾ ਅਤੇ ਜਗਮਿਤ ਸਾਂਗਵਾਨ, ਕਿਸਾਨ ਆਗੂ ਸੁਖਦੇਵ ਸਿੰਘ ਜੰਮੂ, ਐਡਵੋਕੇਟ ਅਸ਼ਵਨੀ ਬਖਸ਼ੀ, ਰਾਮ ਰਤਨ, ਸਤੇਂਦਰ ਗਿਰੀ ਤੇ ਅਨਿਲ ਪੰਵਾਰ ਨੇ ਵੀ ਸੰਬੋਧਨ ਕੀਤਾ |



