ਜੱਜ ਰਾਹੁਲ ਦੇ ਮਾਮਲੇ ਦੀ ਸੁਣਵਾਈ ਤੋਂ ਅੱਡ

0
9

ਲਖਨਊ : ਕਾਂਗਰਸ ਆਗੂ ਰਾਹੁਲ ਗਾਂਧੀ ਦੀ ਦੋਹਰੀ ਨਾਗਰਿਕਤਾ ਦੇ ਕੇਸ ਵਿੱਚ ਇਲਾਹਾਬਾਦ ਹਾਈ ਕੋਰਟ ਦੇ ਜੱਜ ਸੁਭਾਸ਼ ਵਿਦਿਆਰਥੀ ਨੇ ਖੁਦ ਨੂੰ ਅੱਡ ਕਰ ਲਿਆ ਹੈ। ਸੋਮਵਾਰ ਉਨ੍ਹਾ ਇਹ ਫੈਸਲਾ ਪਟੀਸ਼ਨਰ ਦੀ ਪੋਸਟ ਤੋਂ ਨਾਰਾਜ਼ ਹੋ ਕੇ ਲਿਆ। ਪਟੀਸ਼ਨਰ ਨੇ ਪੋਸਟ ਪਾਈ ਸੀ ਕਿ ਜੇ ਤੁਸੀਂ ਕਿਸੇ ਤੋਂ ਪੈਸੇ ਲਏ ਹਨ ਤਾਂ ਵਾਪਸ ਕਰ ਦਿਓ, ਵਰਨਾ ਜੇਲ੍ਹ ਜਾਣਾ ਪਵੇਗਾ। ਹਾਲਾਂਕਿ ਉਸ ਨੇ ਪੋਸਟ ਵਿੱਚ ਜੱਜ ਦਾ ਨਾਂਅ ਨਹੀਂ ਲਿਆ ਸੀ। ਫਾਜ਼ਲ ਜੱਜ ਨੇ 17 ਅਪ੍ਰੈਲ ਨੂੰ ਰਾਹੁਲ ਖਿਲਾਫ ਐੱਫ ਆਈ ਆਰ ਦਰਜ ਕਰਨ ਤੇ ਮਾਮਲੇ ਦੀ ਸੀ ਬੀ ਆਈ ਜਾਂਚ ਦਾ ਹੁਕਮ ਦਿੱਤਾ ਸੀ।
ਅਗਲੇ ਹੀ ਦਿਨ ਫੈਸਲਾ ਬਦਲਦਿਆਂ ਕਿਹਾ ਸੀ ਕਿ ਰਾਹੁਲ ਨੂੰ ਨੋਟਿਸ ਜਾਰੀ ਕਰਕੇ ਉਨ੍ਹਾ ਦੀ ਗੱਲ ਸੁਣੇ ਬਿਨਾਂ ਫੈਸਲਾ ਕਰਨਾ ਵਾਜਬ ਨਹੀਂ।
ਕਰਨਾਟਕ ਦੇ ਭਾਜਪਾ ਕਾਰਕੁਨ ਵਿਗਨੇਸ਼ ਸ਼ਿਸ਼ਿਰ ਨੇ ਰਾਹੁਲ ‘ਤੇ ਭਾਰਤ ਦੇ ਨਾਲ-ਨਾਲ ਬ੍ਰਿਟਿਸ਼ ਨਾਗਰਿਕਤਾ ਲੈਣ ਦਾ ਦੋਸ਼ ਲਾਉਂਦਿਆਂ ਐੱਫ ਆਈ ਆਰ ਦੀ ਮੰਗ ਕੀਤੀ ਸੀ। ਐੱਮ ਪੀ-ਐੱਮ ਐੱਲ ਏ ਕੋਰਟ ਨੇ ਅਰਜ਼ੀ ਖਾਰਜ ਕਰ ਦਿੱਤੀ ਸੀ। ਇਸ ਦੇ ਬਾਅਦ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਕੋਲ ਉਸ ਨੇ ਪਟੀਸ਼ਨ ਦਾਇਰ ਕੀਤੀ ਸੀ। ਲਖਨਊ ਬੈਂਚ ਵੱਲੋਂ ਐੱਫ ਆਈ ਆਰ ਦਾ ਹੁਕਮ ਰੋਕ ਲੈਣ ਤੋਂ ਬਾਅਦ ਸ਼ਿਸ਼ਿਰ ਨੇ 18 ਅਪ੍ਰੈਲ ਨੂੰ ਇੱਕ ਘੰਟੇ ਵਿੱਚ ਦੋ ਪੋਸਟਾਂ ਪਾਈਆਂ। ਉਸ ਨੇ ਕਿਹਾ ਕਿ ਉਸ ਕੋਲ ਪੈਸੇ ਲੈਣ ਦਾ ਕਾਲ ਰਿਕਾਰਡ ਹੈ। ਉਹ ਉਸ ਨੂੰ ਟਵਿੱਟਰ ‘ਤੇ ਅਪਲੋਡ ਕਰ ਦੇਵੇਗਾ।