ਹਾਪੁੜ : ਸਥਾਨਕ ਕੋਰਟ ਨੇ 2018 ਦੇ ਮੌਬ ਲਿੰਚਿੰਗ ਕੇਸ ਵਿਚ ਮੰਗਲਵਾਰ 10 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਐਡੀਸ਼ਨਲ ਜ਼ਿਲ੍ਹਾ ਜੱਜ (ਪੋਕਸੋ) ਸ਼ਵੇਤਾ ਦੀਕਸ਼ਤ ਨੇ ਗਊ ਹੱਤਿਆ ਦੀ ਅਫਵਾਹ ’ਤੇ ਕਾਸਿਮ (45) ਦੀ ਹੱਤਿਆ ਤੇ ਸਮਯਦੀਨ (62) ’ਤੇ ਹਮਲੇ ਲਈ 10 ਲੋਕਾਂ ਨੂੰ ਦੋਸ਼ੀ ਠਹਿਰਾਇਆ। ਸਰਕਾਰੀ ਵਕੀਲ ਵਿਜੇ ਚੌਹਾਨ ਮੁਤਾਬਕ ਕੋਰਟ ਨੇ ਧੌਲਾਨਾ ਦੇ ਪਿੰਡ ਬਜਹੈਦਾ ਦੇ ਰਾਕੇਸ਼, ਹਰੀ ਓਮ, ਯੁਧਿਸ਼ਠਰ, ਰਿੰਕੂ, ਕਰਨਪਾਲ, ਮਨੀਸ਼, ਲਲਿਤ ਸੋਨੂੰ, ਕਪਤਾਨ ਤੇ ਮਾਂਗੇਰਾਮ ਨੂੰ 58-58 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ। ਜੂਨ 2018 ਵਿਚ ਬਜਹੈਦਾ ਦੇ ਕਾਸਿਮ ਨੂੰ ਗਊ ਹੱਤਿਆ ਦੀ ਅਫਵਾਹ ਪਿੱਛੋਂ ਮਾਰ ਦਿੱਤਾ ਗਿਆ ਸੀ ਜਦਕਿ ਸਮਯਦੀਨ ਜਿਊਂਦਾ ਬਚ ਗਿਆ ਸੀ। ਪੁਲਸ ਨੇ ਮੋਟਰਸਾਈਕਲ ਹਾਦਸੇ ਦੀ ਐੱਫ ਆਈ ਆਰ ਦਰਜ ਕੀਤੀ ਸੀ। ਸਮਯਦੀਨ ਨੇ ਜਦੋਂ ਸੁਪਰੀਮ ਕੋਰਟ ਕੋਲ ਪਹੁੰਚ ਕੀਤੀ ਤਾਂ ਜਾਂਚ ਫਿਰ ਟਰੈਕ ’ਤੇ ਆਈ। ਸੁਪਰੀਮ ਕੋਰਟ ਨੇ ਸਮਯਦੀਨ ਦੀ ਸੁਰੱਖਿਆ ਕਰਨ ਤੇ ਫੌਜਦਾਰੀ ਕਾਨੂੰਨ ਦੀ ਧਾਰਾ 164 ਤਹਿਤ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ।




