ਧੂਲੇ : ਰਾਹੁਲ ਗਾਂਧੀ ਨੇ ਬੁੱਧਵਾਰ ਇੱਥੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ’ਚ ਸੱਤਾ ’ਚ ਆਉਂਦੀ ਹੈ ਤਾਂ ਗਰੀਬ ਔਰਤਾਂ ਦੇ ਬੈਂਕ ਖਾਤਿਆਂ ’ਚ ਸਾਲਾਨਾ 1 ਲੱਖ ਰੁਪਏ ਜਮ੍ਹਾਂ ਕਰਵਾਉਣ ਸਮੇਤ ਪੰਜ ਮਹਿਲਾ ਨਿਆਂ ਗਾਰੰਟੀਆਂ ਦਿੱਤੀਆਂ ਜਾਣਗੀਆਂ। ਇਸ ’ਚ ਨੌਕਰੀਆਂ ’ਚ 50 ਪ੍ਰਤੀਸ਼ਤ ਰਾਖਵਾਂਕਰਨ ਸ਼ਾਮਲ ਹੈ। ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ’ਚ ਮਹਿਲਾ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇਹ ਵੀ ਵਾਅਦਾ ਕੀਤਾ ਕਿ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁੰਨ (ਆਸ਼ਾ), ਆਂਗਣਵਾੜੀ ਵਰਕਰ ਤੇ ਮਿੱਡ-ਡੇਅ ਮੀਲ ਯੋਜਨਾ ਤਹਿਤ ਕੰਮ ਕਰਦੀਆਂ ਔਰਤਾਂ ਲਈ ਬੱਜਟ ’ਚ ਕੇਂਦਰ ਦੀ ਹਿੱਸੇਦਾਰੀ ਦੁੱਗਣੀ ਕਰ ਦਿੱਤੀ ਜਾਵੇਗੀ।
ਉਨ੍ਹਾ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਕੇਸ ਲੜਨ ਲਈ ਨੋਡਲ ਅਫਸਰ ਨਿਯੁਕਤ ਕੀਤਾ ਜਾਵੇਗਾ। ਇਹ ਵੀ ਕਿਹਾ ਕਿ ਦੇਸ਼ ਦੇ ਹਰ ਜ਼ਿਲ੍ਹੇ ’ਚ ਔਰਤਾਂ ਲਈ ਸਾਵਿੱਤਰੀਬਾਈ ਫੂਲੇ ਹੋਸਟਲ ਬਣਾਏ ਜਾਣਗੇ।




