ਬਠਿੰਡਾ : ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾ ਨੂੰ 10 ਮਾਰਚ ਦੀ ਸਵੇਰੇ ਦਿਲ ਦਾ ਦੌਰਾ ਪਿਆ ਸੀ, ਨੂੰ ਬੁੱਧਵਾਰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਦੱਸਿਆ ਕਿ ਉਹ ਹੁਣ ਠੀਕ ਹਨ।
ਫਾਈਨਲ ਟਰੰਪ ਤੇ ਬਾਇਡਨ ਵਿਚਾਲੇ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵਾਸ਼ਿੰਗਟਨ ਵਿਚ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ, ਜਦਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤ ਕੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਵੱਲ ਕਦਮ ਵਧਾਏ ਹਨ। ਇਨ੍ਹਾਂ ਚੋਣਾਂ ’ਚ ਬਾਇਡਨ ਅਤੇ ਟਰੰਪ ਦੇ ਸਾਹਮਣੇ ਕੋਈ ਸਖਤ ਚੁਣੌਤੀ ਨਹੀਂ ਸੀ। ਦੋਵਾਂ ਕੋਲ ਰਾਸ਼ਟਰਪਤੀ ਉਮੀਦਵਾਰੀ ਲਈ ਆਪੋ-ਆਪਣੀਆਂ ਪਾਰਟੀਆਂ ਵੱਲੋਂ ਦਾਅਵੇਦਾਰੀਆਂ ਪੇਸ਼ ਕਰਨ ਲਈ ਲੋੜੀਂਦੇ ਡੈਲੀਗੇਟ ਹਨ। ਹੁਣ ਕੋਈ ਸ਼ੱਕ ਨਹੀਂ ਕਿ ਰਾਸ਼ਟਰਪਤੀ ਦੀ ਚੋਣ ਬਾਇਡਨ ਤੇ ਟਰੰਪ ਵਿਚਾਲੇ ਹੋਵੇਗੀ। ਹੈਰਾਨੀ ਦੀ ਗੱਲ ਹੈ ਕਿ ਦੋਵੇਂ ਨੇਤਾ ਦੇਸ਼ ’ਚ ਕੋਈ ਜ਼ਿਆਦਾ ਮਕਬੂਲ ਨਹੀਂ ਹਨ।
ਪ੍ਰਚੰਡ ਨੇ ਭਰੋਸੇ ਦਾ ਵੋਟ ਜਿੱਤਿਆ
ਕਠਮੰਡੂ : ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਬੁੱਧਵਾਰ ਸੰਸਦ ’ਚ ਭਰੋਸੇ ਦਾ ਵੋਟ ਜਿੱਤ ਲਿਆ। 69 ਸਾਲਾ ਪ੍ਰਚੰਡ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ ਸਾਬਕਾ ਗੁਰੀਲਾ ਨੇਤਾ ਹਨ। ਉਨ੍ਹਾ ਨੂੰ 275 ਮੈਂਬਰੀ ਪ੍ਰਤੀਨਿਧ ਸਭਾ ’ਚ 157 ਵੋਟਾਂ ਪ੍ਰਾਪਤ ਹੋਈਆਂ। ਇਹ ਵੋਟ ਮਾਓਵਾਦੀ ਨੇਤਾ ਨੇ ਨੇਪਾਲੀ ਕਾਂਗਰਸ ਨੂੰ ਛੱਡਣ ਅਤੇ ਨੇਪਾਲ ਦੀ ਕਮਿਊਨਿਸਟ ਪਾਰਟੀ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) ਨਾਲ ਨਵਾਂ ਗਠਜੋੜ ਬਣਾਉਣ ਤੋਂ ਕੁਝ ਦਿਨ ਬਾਅਦ ਪ੍ਰਾਪਤ ਕੀਤਾ। ਇਹ ਤੀਜੀ ਵਾਰ ਹੈ, ਜਦੋਂ ਪ੍ਰਚੰਡ ਨੇ ਦਸੰਬਰ 2022 ’ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਦਨ ’ਚ ਭਰੋਸੇ ਦਾ ਵੋਟ ਮੰਗਿਆ।




