ਚੰਡੀਗੜ੍ਹ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਦੀ ਪੰਜਾਬ ਇਕਾਈ ਨੇ ਕਿਹਾ ਹੈ ਕਿ ਲੋਕ ਸਭਾਈ ਚੋਣਾਂ ਦੇ ਬਰੂਹਾਂ ’ਤੇ ਆਣ ਢੁਕਣ ਦੇ ਮੌਕੇ ਫਾਸ਼ੀਵਾਦੀ ਅਤੇ ਫਿਰਕੂ ਤਾਕਤਾਂ ਨੂੰ ਭਾਂਜ ਦੇਣ ਲਈ ਬਣੇ ‘ਇੰਡੀਆ’ ਗਠਜੋੜ ਦੀ ਮਜ਼ਬੂਤੀ ਇਸ ਵਿੱਚ ਸ਼ਾਮਲ ਪਾਰਟੀਆਂ ਲਈ ਅਹਿਮ ਮੁੱਦਾ ਹੈ। ਅਜਿਹੇ ਮੌਕੇ ਇਸ ਗਠਜੋੜ ਦੀ ਸਭ ਤੋਂ ਵੱਡੀ ਧਿਰ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦਾ ਗੈਰ-ਸੰਜੀਦਗੀ ਵਾਲਾ ਰਵੱਈਆ ਚਿੰਤਾਜਨਕ ਹੈ।
ਸੀ ਪੀ ਆਈ ਦੀ ਪੰਜਾਬ ਸਕੱਤਰੇਤ ਦੀ ਮੀਟਿੰਗ ਤੋਂ ਬਾਅਦ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਆਰ ਐੱਸ ਐੱਸ ਅਤੇ ਭਾਜਪਾ ਹਰ ਹਰਬਾ ਵਰਤ ਕੇ ਦੇਸ਼ ਦੀ ਜਮਹੂਰੀਅਤ ਨੂੰ ਖਤਮ ਕਰਨ ਦੇ ਰਾਹ ਪਈ ਹੋਈ ਹੈ ਤਾਂ ਓਦੋਂ ਸੈਕੂਲਰ ਅਤੇ ਜਮਹੂਰੀ ਤਾਕਤਾਂ ਦਾ ਏਕਾ ਅਣਸਰਦੀ ਲੋੜ ਹੈ। ਇਸੇ ਸੰਦਰਭ ਵਿੱਚ ‘ਇੰਡੀਆ’ ਗਠਜੋੜ ਹੋਂਦ ਵਿੱਚ ਆਇਆ ਹੈ। ਇਸ ਵਿੱਚ ਸ਼ਾਮਲ ਹਰ ਧਿਰ ਦਾ ਇਹ ਫਰਜ਼ ਬਣਦਾ ਹੈ ਕਿ ਏਕੇ ਨੂੰ ਕਾਇਮ ਤੇ ਹੋਰ ਮਜ਼ਬੂਤ ਕਰਨ ਲਈ ਸੰਜੀਦਗੀ ਵਿਖਾਈ ਜਾਵੇ। ਇਸ ਵਕਤ ਇਹ ਗੱਲ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਜਾਬ ਕਾਂਗਰਸ ਇਸ ਮਹੱਤਵਪੂਰਨ ਮੁੱਦੇ ’ਤੇ ਸੰਜੀਦਾ ਨਹੀਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਵਿੱਚ ਕਾਂਗਰਸ ਪਾਰਟੀ ਵਰਗਾ ਰੁਖ ਅਪਣਾਇਆ ਹੋਇਆ ਹੈ। ਦੋਵਾਂ ਪਾਰਟੀਆਂ ਦਾ ਇਹ ਗੈਰ-ਜ਼ਿੰਮੇਵਾਰਾਨਾ ਰੁਖ ਪੰਜਾਬ ਦੇ ਉਨ੍ਹਾਂ ਲੋਕਾਂ ਨਾਲ ਧੋਖਾ ਹੈ, ਜੋ ਪੰਜਾਬ ਨੂੰ ਫਾਸ਼ੀਵਾਦੀ ਤੇ ਫਿਰਕੂ ਹਨੇਰੀ ਤੋਂ ਬਚਾ ਕੇ ਰੱਖਣਾ ਲੋਚਦੇ ਹਨ। ਕਾਮਰੇਡ ਬਰਾੜ ਨੇ ਕਿਹਾ ਕਿ ਅਤੀਤ ਵੱਲ ਝਾਤੀ ਮਾਰਦਿਆਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਇਤਿਹਾਸ ਗੌਰਵਮਈ ਤੇ ਵੱਖਰਾ ਨਿਆਰਾ ਰਿਹਾ ਹੈ। ਬਾਬੇ ਨਾਨਕ ਦੇ ਵੇਲਿਆਂ ਤੋਂ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਲੋਕਾਂ ਦੀਆਂ ਮਜ਼ਬੂਤ ਸਾਂਝਾਂ ਬਣੀਆਂ ਰਹੀਆਂ ਹਨ, ਸਿਵਾਏ ਉਨ੍ਹਾਂ ਕੁਝ ਮੌਕਿਆਂ ਵੇਲੇ, ਜਦੋਂ ਹਾਕਮਾਂ ਨੇ ਆਪਣੇ ਤਖਤ ਦੇ ਪਾਵੇ ਡੋਲਦੇ ਵੇਖੇ ਤਾਂ ਇੱਕ ਗਿਣੀ-ਮਿਥੀ ਸਾਜ਼ਿਸ਼ ਨਾਲ ਲੋਕਾਂ ਅੰਦਰ ਨਫ਼ਰਤ ਦੀ ਜ਼ਹਿਰ ਫੈਲਾਈ ਗਈ ਸੀ।
ਕਮਿਊਨਿਸਟ ਆਗੂ ਨੇ ਅੱਗੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ ਵਿੱਚੋਂ ਇੱਕ ਵੀ ਸੀਟ ਆਰ ਐੱਸ ਐੱਸ-ਭਾਜਪਾ ਦੇ ਹੱਕ ਵਿੱਚ ਨਹੀਂ ਜਾਣੀ ਚਾਹੀਦੀ। ਜੇਕਰ ਕਾਂਗਰਸ ਪਾਰਟੀ ਅਤੇ ‘ਆਪ’ ਨੇ ਸੰਜੀਦਗੀ ਨਾ ਵਿਖਾਈ ਤਾਂ ਪੰਜਾਬ ਦੇ ਲੋਕ ਦੋਵਾਂ ਪਾਰਟੀਆਂ ਨੂੰ ਮਾਫ਼ ਨਹੀਂ ਕਰਨਗੇ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਸਿਆਸੀ ਧਿਰ ਨੂੰ ਭਾਜਪਾ ਦਾ ਸਹਿਯੋਗ ਨਹੀਂ ਕਰਨਾ ਚਾਹੀਦਾ। ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸਕੱਤਰੇਤ ਮੀਟਿੰਗ ਵਿੱਚ ਚੋਣਾਂ ਦੇ ਸੰਬੰਧ ਵਿੱਚ ਗਹਿਰ-ਗੰਭੀਰ ਚਰਚਾ ਹੋਈ।




