ਭਵਾਨੀਗੜ੍ਹ : ਵੀਰਵਾਰ ਇੱਥੇ ਨੇੜੇ ਹੀ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਆਪਣਾ ਕਾਫਲਾ ਰੋਕ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨਾਲ ਸੈਲਫੀ ਲਈ ਗਈ। ਬਠਿੰਡਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਮੁੱਖ ਮੰਤਰੀ ਅਚਾਨਕ ਕਾਫਲਾ ਰੋਕ ਕੇ ਗੱਡੀ ਵਿੱਚੋਂ ਉੱਤਰ ਕੇ ਲੋਕਾਂ ਨੂੰ ਮਿਲੇ ਅਤੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਆਮ ਲੋਕਾਂ ਨਾਲ ਸੈਲਫੀ ਲਈ ਤੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਵਿੱਚੋਂ ਸਰਕਾਰ ਬਣਨ ਦੇ ਦੋ ਸਾਲਾਂ ਦੌਰਾਨ ਹੀ ਕਾਫੀ ਪੂਰੇ ਕਰ ਦਿੱਤੇ ਗਏ ਹਨ ਅਤੇ ਬਾਕੀ ਵੀ ਪੂਰੇ ਕਰ ਦਿੱਤੇ ਜਾਣਗੇ। ਲੋਕ ਸਭਾ ਚੋਣਾਂ ’ਚ ਉਹ ਕੰਮਾਂ ਦੇ ਅਧਾਰ ’ਤੇ ਵੋਟ ਮੰਗ ਰਹੇ ਹਨ। ਉਹ ਪੰਜਾਬ ਨੂੰ ਰੰਗਲਾ ਬਣਾਉਣ ਲਈ ਪੂਰੇ ਯਤਨ ਜਾਰੀ ਰੱਖਣਗੇ। ਥੋੜ੍ਹਾ ਸਮਾਂ ਰੁਕ ਕੇ ਉਹ ਚੰਡੀਗੜ੍ਹ ਵੱਲ ਰਵਾਨਾ ਹੋ ਗਏ। ਉਨ੍ਹਾ ਵੱਲੋਂ ਅਚਾਨਕ ਗੱਡੀ ਵਿੱਚੋਂ ਉੱਤਰ ਕੇ ਲੋਕਾਂ ’ਚ ਜਾਣ ਕਾਰਨ ਇੱਕ ਵਾਰ ਸੁਰੱਖਿਆ ਦਸਤਿਆਂ ਨੂੰ ਵੀ ਭਾਜੜਾਂ ਪੈ ਗਈਆਂ ਸਨ।




