ਭੀਖੀ (ਧਰਮਵੀਰ ਸ਼ਰਮਾ)
ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ, ਨਵਯੁਗ ਸਾਹਿਤ ਕਲਾ ਮੰਚ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਇੱਕ ਸਮਾਗਮ ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਕਰਵਾਇਆ ਗਿਆ। ਸਮਾਗਮ ਦੇ ਮੁੱਖ ਬੁਲਾਰੇ ਹਰਦੇਵ ਅਰਸ਼ੀ ਤੇ ਸੁਖਦਰਸ਼ਨ ਨੱਤ ਸਨ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕਿਸਾਨ ਆਗੂ ਭੋਲਾ ਸਿੰਘ ਸਮਾਉਂ, ਗੁਰਨਾਮ ਸਿੰਘ ਗਾਮਾ, ਸਤਪਾਲ ਰਿਸ਼ੀ, ਪ੍ਰਸ਼ੋਤਮ ਸਿੰਘ ਗਿੱਲ, ਰੂਪ ਸਿੰਘ ਢਿੱਲੋਂ, ਰਜਿੰਦਰ ਰੋਹੀ, ਲਛਮਣ ਸਿੰਘ, ਛੱਜੂ ਰਾਮ ਰਿਸ਼ੀ, ਅਮਰੀਕ ਸਿੰਘ ਫਫੜੇ ਤੇ ਹੋਰ ਆਗੂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਹਰਦੇਵ ਅਰਸ਼ੀ ਨੇ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਭਾਜਪਾ ਤੇ ਆਰ ਐੱਸ ਐੱਸ ਦੇਸ਼ ’ਤੇ ਆਪਣਾ ਹਿੰਦੂਤਵੀ ਏਜੰਡਾ ਲਾਗੂ ਕਰਕੇ ਦੇਸ਼ ’ਚ ਫਿਰਕਾਪ੍ਰਸਤੀ ਦਾ ਮਾਹੌਲ ਬਣਾ ਰਹੀ ਹੈ। ‘ਨਾ ਖਾਊਂਗਾ, ਨਾ ਖਾਨੇ ਦੂੰਗਾਂ’ ਕਹਿਣ ਵਾਲਾ ਪ੍ਰਧਾਨ ਮੰਤਰੀ ਦੇਸ਼ ਨੂੰ ਕਾਰਪੋਰੇਟਾਂ ਨੂੰ ਖਵਾਉਣ ’ਚ ਸਾਰੇ ਹੱਦਾਂ-ਬੰਨੇ ਪਾਰ ਕਰ ਦਿੱਤੇ ਹਨ। ਭਾਜਪਾ ਨੇ ਕਾਰਪੋਰੇਟਾਂ ਤੋਂ ਚੋਣ ਬਾਂਡਾਂ ਦੇ ਜ਼ਰੀਏ ਮੋਟਾ ਪੈਸਾ ਲਿਆ ਤੇ ਬਦਲੇ ’ਚ ਉਨ੍ਹਾਂ ਨੂੰ ਦੇਸ਼ ਦਾ ਸਰਮਾਇਆ ਲੁਟਾਇਆ। ਅੱਜ ਦੇਸ਼ ਦੇ ਲੋਕਾਂ ’ਚ ਵੀ ਭਾਜਪਾ ਖਿਲਾਫ ਰੋਸ ਹੈ। ਭਾਜਪਾ ਦੀ ਕਿਸੇ ਵੀ ਸੂਬੇ ’ਚ ਵਧੀਆ ਕਾਰਗੁਜ਼ਾਰੀ ਦੀ ਰਿਪੋਰਟ ਨਹੀਂ ਆ ਰਹੀ। ਭਾਜਪਾ ਤੇ ਆਰ ਐੱਸ ਐੱਸ ਇੰਡੀਆ ਗੱਠਜੋੜ ਤੋਂ ਪੂਰੀ ਤਰਾਂ ਡਰੀ ਹੋਈ ਹੈ, ਜਿਸ ਦੀ ਉਦਾਹਰਨ ਕਾਂਗਰਸ ਦੇ ਸਾਰੇ ਖਾਤੇ ਸੀਜ਼ ਕਰਨਾ ਤੇ ਐਨ ਚੋਣਾਂ ਮੌਕੇ ਕੇਜਰੀਵਾਲ ਨੂੰ ਗਿ੍ਰਫਤਾਰ ਕਰਨਾ ਹੈ। ਉਨ੍ਹਾ ਕਿਹਾ ਕਿ ਇੰਡੀਆ ਗਠਜੋੜ ’ਚ ਸਭ ਤੋਂ ਵੱਡੀ ਪਾਰਟੀ ਕਾਂਗਰਸ ਹੈ ਤੇ ਉਸ ਨੂੰ ਬਾਕੀ ਖੇਤਰੀ ਪਾਰਟੀਆਂ ਨਾਲ ਸੀਟਾਂ ਦੇ ਮਾਮਲੇ ’ਤੇ ਸਮਝੌਤੇ ਕਰਨੇ ਚਾਹੀਦੇ ਹਨ। ਉਨ੍ਹਾ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਜੇਕਰ ਭਾਜਪਾ ਬਹੁਮਤ ’ਚ ਆਉਂਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕਾਂਗਰਸ ਦਾ ਹੰਕਾਰ ਹੋਵੇਗਾ। ਇਹ ਚੋਣਾਂ ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਲਈ ਬਹੁਤ ਮਹੱਤਵਪੂਰਨ ਹਨ, ਜਿਸ ਦੀ ਭਾਜਪਾ ਖਿਲਾਫ ਦੇਸ਼ ਅੰਦਰ ਜ਼ੋਰਦਾਰ ਆਵਾਜ਼ ਉੱਠਣੀ ਚਾਹੀਦੀ ਹੈ।
ਸੁਖਦਰਸ਼ਨ ਨੱਤ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤੇ ਹੋਰਨਾਂ ਦੇਸ਼ ਭਗਤਾਂ ਦੀ ਗੱਲ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਦੇ ਨਾਵਾਂ ’ਤੇ ਰਾਜਨੀਤੀ ਕਰਦੀਆਂ ਰਹੀਆਂ ਹਨ। ਇਨ੍ਹਾਂ ਦੀਆਂ ਲਿਖਤਾਂ ਨੂੰ ਸਰਕਾਰਾਂ ਵੱਲੋਂ ਕਦੇ ਮਾਨਤਾ ਨਹੀਂ ਦਿੱਤੀ ਗਈ। ਇਹ ਸ਼ਹੀਦ ਰਾਜਨੀਤਕ ਪਾਰਟੀਆਂ ਨੂੰ ਸਿਰਫ ਵੋਟਾਂ ਸਮੇਂ ਯਾਦ ਆਉਂਦੇ ਹਨ। ਉਨ੍ਹਾ ਕਿਹਾ ਕਿ ਅੱਜ ਬੋਲਣ ਤੇ ਲਿਖਣ ਦੀ ਅਜ਼ਾਦੀ ’ਤੇ ਵੱਡਾ ਹਮਲਾ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ। ਉਨ੍ਹਾ ਹਾਜ਼ਰੀਨ ਨੂੰ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਹ ਭਾਜਪਾ ਦੀ ਫਿਰਕਾਪ੍ਰਸਤੀ ਤੇ ਧਰਮ ਅਧਾਰਤ ਰਾਜਨੀਤੀ ਨੂੰ ਨਕਾਰ ਕੇ ਇਨ੍ਹਾਂ ਚੋਣਾ ’ਚ ਭਾਜਪਾ ਨੂੰ ਬੁਰੀ ਤਰਾਂ ਹਰਾਉਣ। ਮੰਚ ਸੰਚਾਲਣ ਗੁਰਨਾਮ ਭੀਖੀ ਤੇ ਧਰਮਪਾਲ ਨੀਟਾ ਨੇ ਕੀਤਾ। ਸਮਾਗਮ ਦੇ ਅੰਤ ’ਤੇ ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫੌਜੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਹਰਭਗਵਾਨ ਭੀਖੀ, ਸੁਖਦਰਸ਼ਨ ਸੋਨੀ, ਕੇਵਲ ਸ਼ਾਰਦਾ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਵਿਨੋਦ ਸਿੰਗਲਾ, ਸਾਬਕਾ ਕੌਂਸਲਰ ਕੇਵਲ ਸਿੰਘ, ਰੰਜੀਵ ਸਿੰਘ, ਇੰਦਰਜੀਤ ਰਿਖੀ, ਬਲਦੇਵ ਸਿੰਘ ਸਿੱਧੂ ਆਦਿ ਹਾਜ਼ਰ ਸਨ।