ਬੰਗਾ/ਨਵਾਂਸ਼ਹਿਰ (ਅਵਤਾਰ ਕਲੇਰ/ ਕੁਲਵਿੰਦਰ ਸਿੰਘ ਦੁਰਗਾਪੁਰੀਆ)
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਖਟਕੜ ਕਲਾਂ ਵਿਖੇ ਵਿਸ਼ਾਲ ਸ਼ਹੀਦੀ ਕਾਨਫਰੰਸ ਕੀਤੀ ਗਈ।ਕਾਨਫਰੰਸ ਨੂੰ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਏਟਕ ਪੰਜਾਬ ਦੇ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਸੰਬੋਧਨ ਕੀਤਾ।ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਇਹਨਾਂ ਦੇ ਸਾਥੀਆਂ ਨੇ ਫਾਂਸੀ ਦਾ ਰੱਸਾ ਚੁੰਮਿਆ ਅਤੇ ਛੋਟੀ ਉਮਰ ’ਚ ਹੀ ਵੱਡਾ ਕੰਮ ਕਰ ਗਏ। ਅਜ਼ਾਦੀ ਦੇ ਸਾਢੇ ਸੱਤ ਦਹਾਕਿਆਂ ਬਾਅਦ ਵੀ ਬੇਰੁਜ਼ਗਾਰੀ, ਭਿ੍ਰਸ਼ਟਾਚਾਰ, ਗਰੀਬੀ, ਜਾਤਪਾਤ ਦਾ ਬੋਲਬਾਲਾ ਹੈ।ਤਿੰਨੇ ਸ਼ਹੀਦਾਂ ਦਾ ਧਰਮ, ਜਾਤ ਅਤੇ ਸੂਬਾ ਵੀ ਇੱਕ ਨਹੀਂ ਸੀ, ਪਰ ਉਹਨਾਂ ਦੀ ਸੋਚ ਸਾਂਝੀ ਸੀ।ਸਮਾਜਵਾਦੀ ਸੋਚ ਸੀ।ਭਗਤ ਸਿੰਘ ਇਕੱਲੀ ਅਜ਼ਾਦੀ ਨਹੀਂ ਸੀ ਚਾਹੁੰਦਾ, ਉਹ ਸਾਂਝੇ ਲੋਕਾਂ ਦਾ ਰਾਜ, ਮਜ਼ਦੂਰਾਂ, ਕਿਸਾਨਾਂ ਅਤੇ ਕਿਰਤੀ ਲੋਕਾਂ ਦਾ ਰਾਜ, ਸਮਾਜਵਾਦ ਅਤੇ ਸਾਂਝੀਵਾਲਤਾ ਦਾ ਰਾਜ ਚਾਹੁੰਦਾ ਸੀ।ਇਹਨਾਂ ਸ਼ਹੀਦਾਂ ਦੀ ਕੁਰਬਾਨੀ ਦਾ ਅੱਜ ਖਾਸ ਮਹੱਤਵ ਹੈ, ਕਿਉਕਿ ਸਾਡੇ ਦੇਸ਼ ਅੰਦਰ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ।ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਹਰਾਇਆ ਜਾਵੇ।ਅੱਜ ਉਹ ਲੋਕ ਸੱਤਾ ’ਚ ਹਨ, ਜਿਨ੍ਹਾਂ ਦੇਸ਼ ਨਾਲ ਗ਼ਦਾਰੀ ਕੀਤੀ ਅਤੇ ਅੰਗਰੇਜ਼ਾਂ ਦੇ ਟਾਊਟ ਸਨ।ਅੱਜ ਵੀ ਕੋਈ ਆਗੂ ਭਾਜਪਾ ’ਚ ਜਾਂਦਾ ਤਾਂ ਉਹ ਸਾਫ ਹੋ ਜਾਂਦਾ ਹੈ । ਚੋਣਾਂ ਦੇ ਨਾਂਅ ’ਤੇ ਸਰਮਾਏਦਾਰਾਂ ਤੋਂ ਲੱਖਾਂ ਰੁਪਏ ਪਾਰਟੀ ਫੰਡ, ਚੰਦਾ ਲਿਆ ਜਾ ਰਿਹਾ ਹੈ ਅਤੇ ਇਸ ਦਾ ਕੋਈ ਹਿਸਾਬ ਦੱਸਣ ਲਈ ਵੀ ਤਿਆਰ ਨਹੀਂ।ਮਨੀਪੁਰ ਦੀਆਂ ਘਟਨਾਵਾਂ ਨੇ ਸਾਰੇ ਦੇਸ਼ ਨੂੰ ਸ਼ਰਮਸਾਰ ਕੀਤਾ।ਮੋਦੀ ਸਰਕਾਰ ਨੂੰ ਹਰਾਉਣਾ ਅਤੀ ਜ਼ਰੂਰੀ ਹੈ।2024 ਦੀ ਲੜਾਈ ਅਡਾਨੀਆ, ਅੰਬਾਨੀਆ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਹੈ।ਬੁਲਾਰਿਆਂ ਕਿਹਾ ਕਿ ਕੇਂਦਰ ਸਰਕਾਰ ਏਜੰਸੀਆਂ ਅਤੇ ਈ ਡੀ ਦੀ ਦੁਰਵਰਤੋਂ ਕਰਕੇ ਰਾਜਨੀਤਕ ਲੋਕਾਂ ਨੂੰ ਜੇਲ੍ਹਾਂ ਅੰਦਰ ਡੱਕ ਰਹੀ ਹੈ।ਅਸੀਂ ਇਹ ਮੰਗ ਕਰਦੇ ਹਾਂ ਕਿ ਵੱਖ-ਵੱਖ ਜੇਲ੍ਹਾਂ ’ਚ ਬੰਦ ਸਜ਼ਾ ਭੁਗਤ ਚੁੱਕੇ ਸਿਆਸੀ ਆਗੂਆਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ।ਆਗੂਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਵੇਲੇ ਅਤੇ ਅਜ਼ਾਦੀ ਤੋਂ ਬਾਅਦ ਵੀ ਲਾਲ ਝੰਡੇ ਵਾਲਿਆਂ ਨੇ ਕੁਰਬਾਨੀਆਂ ਦਿੱਤੀਆਂ, ਜਿਸ ਤਰ੍ਹਾਂ ਕਿਸਾਨੀ ਅੰਦੋਲਨ ਸਾਰਿਆਂ ਨੇ ਰਲ-ਮਿਲ ਕੇ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ ਉਸੇ ਤਰ੍ਹਾਂ ਸ਼ਹੀਦਾਂ ਦੀ ਸੋਚ ਦਾ ਦੇਸ਼ ਬਣਾਉਣ ਲਈ ਇਹਨਾਂ ਫਿਰਕੂ ਪਾਰਟੀਆਂ ਨੂੰ ਹਰਾਇਆ ਜਾਵੇ।ਸੀ ਪੀ ਆਈ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਨਰੰਜਣ ਦਾਸ ਮੇਹਲੀ, ਜ਼ਿਲ੍ਹਾ ਸਹਾਇਕ ਸਕੱਤਰ ਜਸਵਿੰਦਰ ਸਿੰਘ ਭੰਗਲ, ਬਲਾਚੌਰ ਤਹਿਸੀਲ ਸਕੱਤਰ ਪਰਮਿੰਦਰ ਮੇਨਕਾ, ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਹਰਪਾਲ ਸਿੰਘ ਜਗਤਪੁਰ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ, ਰੋਪੜ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਨੰਗਲੀ, ਆਰ ਐੱਮ ਪੀ ਆਈ ਕੁਲਦੀਪ ਸਿੰਘ ਸੁੱਜੋਂ, ਕੁਲਦੀਪ ਸਿੰਘ ਦੌੜਕਾ ਨੇ ਵੀ ਸੰਬੋਧਨ ਕੀਤਾ।ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਨਾਟਕ ‘ਭਗਤ ਸਿੰਘ ਤੂੰ ਜ਼ਿੰਦਾ ਹੈ’ ਤੋਂ ਇਲਾਵਾ ਹੋਰ ਵੀ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ।ਇਸ ਮੌਕੇ ਜਗਤਾਰ ਸਿੰਘ ਪੁਨੂੰਮਜਾਰਾ, ਦਸੌਂਧਾ ਸਿੰਘ, ਗੁਰਮੇਲ ਚੰਦ, ਬੀਬੀ ਗੁਰਬਖਸ਼ ਕੌਰ ਰਾਹੋਂ, ਸਤਨਾਮ ਚਾਹਲ, ਰਾਜ ਕੁਮਾਰ ਸੋਢੀ, ਸੁਰਿੰਦਰ ਪਾਲ ਸਰਪੰਚ ਮੇਹਲੀ, ਗੁਰਮੁੱਖ ਸਿੰਘ ਫਰਾਲਾ, ਅਮਰਜੀਤ ਮੇਹਲੀ, ਸਤਨਾਮ ਸੁੱਜੋਂ ਤੇ ਸਤਨਾਮ ਗੁਲਾਟੀ ਆਦਿ ਹਾਜ਼ਰ ਸਨ।