ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁੱਜਰਾਂ, ਢੰੰਡੋਲੀ, ਟਿੱਬੀ ਰਵਿਦਾਸਪੁਰਾ ’ਚ ਜ਼ਹਿਰੀਲੀ ਸ਼ਰਾਬ ਨਾਲ ਜਾਨ ਗੁਆਉਣ ਵਾਲੇ ਮਿ੍ਰਤਕਾਂ ਦੇ ਪੀੜਤ ਪਰਵਾਰਾਂ ਨੂੰ ਇਨਸਾਫ ਦਿਵਾਉਣ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਕਰਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਡੀ ਸੀ ਦਫਤਰ ਅੱਗੇ ਲਗਾਇਆ ਪੱਕਾ ਮੋਰਚਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੰਗਾਂ ’ਤੇ ਸਹਿਮਤੀ ਬਣਨ ਮਗਰੋਂ ਐਤਵਾਰ ਸਮਾਪਤ ਹੋ ਗਿਆ। ਇਸ ਮਗਰੋਂ ਸਿਵਲ ਹਸਪਤਾਲ ਸੰਗਰੂਰ ਅਤੇ ਸੁਨਾਮ ਵਿਚ 13 ਮਿ੍ਰਤਕ ਦੇਹਾਂ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਪਿੰਡਾਂ ’ਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਏ ਡੀ ਜੀ ਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐੱਸ ਐੱਸ ਪੀ ਸਰਤਾਜ ਸਿੰਘ ਚਹਿਲ ਆਦਿ ਮੌਜੂਦ ਸਨ। ਪਿੰਡ ਗੁੱਜਰਾਂ ’ਚ ਸੱਤ, ਢੰਡੋਲੀ ’ਚ ਦੋ, ਟਿੱਬੀ ਰਵਿਦਾਸਪੁਰਾ ’ਚ ਦੋ, ਉਪਲੀ ਵਿਚ ਇਕ ਮਿ੍ਰਤਕ ਦਾ ਸਸਕਾਰ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਗੁੱਜਰਾਂ ਵਿਚ ਰਿਸ਼ਤੇਦਾਰੀ ਵਿਚ ਆਏ ਇਕ ਵਿਅਕਤੀ ਦੀ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ, ਉਸ ਦਾ ਸਸਕਾਰ ਸਮਾਣਾ ਨੇੜਲੇ ਪਿੰਡ ਵਿਚ ਕੀਤਾ ਗਿਆ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਆਬਕਾਰੀ ਤੇ ਕਰ ਨਿਰੀਖਕ ਸੁਨਾਮ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ, ਪੁਲਸ ਥਾਣਾ ਸ਼ੁਤਰਾਣਾ ਦੇ ਐੱਸ ਐੱਚ ਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਨਿਰਪੱਖ ਜਾਂਚ ਲਈ ਉੱਚ ਪੱਧਰੀ ਐੱਸ ਆਈ ਟੀ ਗਠਿਤ ਕਰ ਦਿੱਤੀ ਹੈ, ਪੰਜਾਬ ਦੀ ਇੱਕ ਨਾਮੀ ਸ਼ਰਾਬ ਕੰਪਨੀ ਦੇ ਸੈਂਪਲ ਭਰੇ ਗਏ ਹਨ, ਜਿਸ ਦੇ ਠੇਕਿਆਂ ਦੀ ਸ਼ਰਾਬ ਸੀਲ ਕਰ ਦਿੱਤੀ ਗਈ ਹੈ। ਜੇਕਰ ਸੈਂਪਲ ਫੇਲ੍ਹ ਪਾਏ ਗਏ ਜਾਂ ਕੋਈ ਹੋਰ ਖਾਮੀ ਪਾਈ ਗਈ ਤਾਂ ਕਾਰਵਾਈ ਹੋਵੇਗੀ। ਪੀੜਤ ਪਰਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਰੈੱਡ ਕਰਾਸ ਤਹਿਤ ਕਰਵਾਈ ਜਾਵੇਗੀ। ਐਕਸ਼ਨ ਕਮੇਟੀ ਆਗੂਆਂ ਨੇ ਦੱਸਿਆ ਕਿ ਸਿੱਟ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਿੜ੍ਹਬਾ ਤੇ ਸੁਨਾਮ ’ਚ ਵਾਪਰੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਤਾਰ ਪਟਿਆਲਾ ਨਾਲ ਜੁੜ ਗਏ ਹਨ, ਕਿਉਂਕਿ ਜ਼ਹਿਰੀਲੀ ਸ਼ਰਾਬ ਪਟਿਆਲਾ ਜ਼ਿਲ੍ਹੇ ਦੇ ਪਿੰਡ ਤੇਈਪੁਰ ’ਚ ਤਿਆਰ ਕੀਤੀ ਜਾਂਦੀ ਸੀ। ਇਸੇ ਹੀ ਪਿੰਡ ਦੇ ਹਰਮਨਪ੍ਰ੍ਰੀਤ ਸਿੰਘ ਨੂੰ ਸੰਗਰੂਰ ਪੁਲਸ ਗਿ੍ਰਫਤਾਰ ਕਰ ਚੁੱਕੀ ਹੈ ਜੋ ਨਕਲੀ ਸ਼ਰਾਬ ਤਿਆਰ ਕਰਨ ’ਚ ਮਾਹਰ ਹੈ। ਤੇਈਪੁਰ ਪਿੰਡ ਪਟਿਆਲਾ ਜ਼ਿਲ੍ਹੇ ਦੇ ਥਾਣਾ ਸ਼ੁਤਰਾਣਾ ਅਤੇ ਪੁਲਸ ਚੌਕੀ ਠਰੂਆ ’ਚ ਪੈਂਦਾ ਹੈ, ਜਿਸ ਕਰਕੇ ਇਸ ਮਾਮਲੇ ’ਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਸ਼ੁਤਰਾਣਾ ਥਾਣੇ ਦੇ ਐੱਸ ਐੱਚ ਓ ਯਸ਼ਪਾਲ ਸ਼ਰਮਾ ਅਤੇ ਠਰੂਆ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।