17.5 C
Jalandhar
Monday, December 23, 2024
spot_img

‘ਅੰਦੋਲਨ ਦੀ ਆਪਣੀ ਸੱਤਾ ਹੁੰਦੀ ਐ’


ਸ਼ਾਹਕੋਟ (ਗਿਆਨ ਸੈਦਪੁਰੀ)-ਇਨਕਲਾਬੀ ਕਵੀ ਪਾਸ਼ ਤੇ ਉਸ ਦੇ ਜਿਗਰੀ ਯਾਰ ਹੰਸ ਰਾਜ ਦਾ 36 ਸ਼ਹੀਦੀ ਸਮਾਗਮ ਪਹਿਲਾਂ ਵਾਂਗ ਹੀ ਇਸ ਸਾਲ ਵੀ ਕਿਰਤੀ ਕਾਮਿਆਂ ਅੰਦਰਲੀ ਇਨਕਲਾਬੀ ਸੋਚ ਨੂੰ ਹੋਰ ਹਲੂਣਾ ਦੇ ਗਿਆ। ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਤਲਵੰਡੀ ਸਲੇਮ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਜਿੱਥੇ ਅੰਦੋਲਨ ਦੇ ਮਹੱਤਵ ਬਾਰੇ ਦੱਸਿਆ, ਉੱਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਮਹੂਰੀਅਤ ਨੂੰ ਕੁਚਲ ਦੇਣ ਦੀ ਜ਼ਾਲਮਾਨਾ ਤਿਆਰੀ ਤੋਂ ਵੀ ਜਾਣੂ ਕਰਵਾਇਆ। ਆਗੂਆਂ ਨੇ ਇਹ ਗੱਲ ਲੋਕ ਮਨਾਂ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਅੰਦੋਲਨ ਦੀ ਆਪਣੀ ਸੱਤਾ ਹੁੰਦੀ ਹੈ, ਜਿਸ ਦੀ ਤਾਕਤ ਨਾਲ ਉਹ ਜਮਹੂਰੀਅਤ ਨੂੰ ਮਾਣ ਸਕਦੇ ਹਨ।
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਲੁਟਾਉਣ ਦੇ ਰਾਹ ਪਈ ਹੋਈ ਮੋਦੀ ਸਰਕਾਰ ਸਭ ਹੱਦਾਂ ਪਾਰ ਕਰ ਗਈ ਹੈ। ਗਰੀਬੀ-ਅਮੀਰੀ ਵਿਚ ਪਾੜਾ ਏਨਾ ਵਧ ਗਿਆ ਹੈ ਕਿ ਇਕ ਫ਼ੀਸਦੀ ਅਮੀਰਾਂ ਕੋਲ ਦੇਸ਼ ਦੀ 40 ਫ਼ੀਸਦੀ ਦੌਲਤ ਜਮ੍ਹਾਂ ਹੋ ਚੁੱਕੀ ਹੈ। 80 ਫ਼ੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਦਿਨ ਕਟੀ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਰਤੀ ਲੋਕਾਂ ਦੀ ਵੱਡੀ ਲਹਿਰ ਹੀ ਲੋਕ ਵਿਰੋਧੀ ਨੀਤੀਆਂ ਨੂੰ ਠੱਲ੍ਹ ਪਾ ਸਕਦੀ ਹੈ। ਸਾਥੀ ਮਾਲੜੀ ਨੇ ਕਿਹਾ ਕਿ ਅੰਦੋਲਨ ਦੀ ਇਕ ਸੱਤਾ ਹੁੰਦੀ ਹੈ, ਜਿਸ ਨਾਲ ਲੋਕ ਜਮਹੂਰੀਅਤ ਮਾਣ ਸਕਦੇ ਹਨ।
ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਇਸ ਧਾਰਨਾ ਨੂੰ ਹੁਣ ਬਦਲ ਦੇਣ ਦੀ ਲੋੜ ਹੈ ਕਿ ਜਦੋਂ ਤੱਕ ਲੁੱਟ ਰਹੇਗੀ, ਉਦੋਂ ਤੱਕ ਜੰਗ ਜਾਰੀ ਰਹੇਗੀ। ਹੁਣ ਸਮਾਂ ਮੰਗ ਕਰਦਾ ਹੈ ਕਿ ਮੌਜੂਦਾ ਮਲਕ ਭਾਗੋਆਂ ਦੀ ਧੌਣ ’ਤੇ ਗੋਡਾ ਧਰਨਾ ਹੋਵੇਗਾ। ਜਿਨ੍ਹਾਂ ਸਮਿਆਂ ’ਚ ਹਾਕਮਾਂ ਵੱਲੋਂ ਸਾਡੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਉਦੋਂ ਸਾਡੇ ਸੁੱਤੇ ਰਹਿਣ ਨੂੰ ਸਮਾਂ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਅਸੀਂ ਗ਼ਦਰੀ ਬਾਬਿਆਂ ਦੇ ਵਾਰਸ ਕਹਾਉਂਦੇ ਹਾਂ। ਉਹਨਾਂ ਕੋਲੋ ਸਿੱਖ ਕੇ ਸਾਨੂੰ ਅੱਜ ਦੇ ਵਾਰਿਸ ਬਣਨਾ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬਾਬੇ ਨਾਨਕ ਵੱਲੋਂ ਮਲਕ ਭਾਗੋ ਦੇ ਪੂੜਿਆਂ ਵਿਚ ਦਰਸਾਏ ਲਹੂ ਦਾ ਸੰਕੇਤ ਭਾਈ ਲਾਲੋ ਦੀ ਲੁੱਟ ਵੱਲ ਸੀ। ਹੁਣ ਇਸ ਲੁੱਟ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਝੁੱਗੀਆਂ-ਝੌਂਪੜੀਆਂ ਤੱਕ ਜਾਣਾ ਹੋਵੇਗਾ। ਸਾਥੀ ਅਮੋਲਕ ਸਿੰਘ ਨੇ ਕਿਹਾ ਕਿ ਜੇਕਰ ਲੋਕਾਂ ਦੀ ਤਾਕਤ ਦਾ ਕਿਲ੍ਹਾ ਨਾ ਉਸਾਰਿਆ ਗਿਆ ਤਾਂ ਤਲਵੰਡੀ ਸਲੇਮ ਵਿੱਚ ਲੱਗੀ ਅੱਜ ਦੀ ਸਟੇਜ ਵਰਗੀਆਂ ਸਟੇਜਾਂ ਨਹੀਂ ਲੱਗਣੀਆਂ। ਗ਼ਦਰੀ ਬਾਬਿਆਂ ਦਾ ਮੇਲਾ ਵੀ ਬੰਦ ਕਰਵਾ ਦਿੱਤਾ ਜਾਵੇਗਾ।
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਡਾ. ਪਰਮਿੰਦਰ ਸਿੰਘ ਨੇ ਸਾਮਰਾਜਵਾਦੀ ਤਾਕਤਾਂ ਅਤੇ ਉਨ੍ਹਾਂ ਦੇ ਹਿੰਦੁਸਤਾਨੀ ਦਲਾਲਾਂ ਦੇ ਦੋਖੀ ਵਰਤਾਰੇ ਦੀ ਗੱਲ ਕਰਦਿਆਂ ਕਿਹਾ ਕਿ ਇਹ ਵਰਤਾਰਾ 1947 ਤੋਂ ਪਹਿਲਾਂ ਵੀ ਸੀ ਤੇ ਹੁਣ ਵੀ ਜਾਰੀ ਹੈ। ਸਾਮਰਾਜੀ ਤਾਕਤਾਂ ਦਾ ਇਕੋ-ਇਕ ਮੰਤਵ ਹੈ ਵੱਧ ਤੋਂ ਵੱਧ ਮੁਨਾਫਾ ਕਮਾਉਣਾ। ਸਾਡੇ ਮੁਲਕ ਦੇ ਹਾਕਮ ਉਹਨਾਂ ਦੇ ਮੁਨਾਫੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਜਾਰੀ ਰੱਖ ਰਹੇ ਹਨ, ਜਿਸ ਵਿਚ ਫਿਰਕਾਪ੍ਰਸਤੀ ਦਾ ਜ਼ਹਿਰ ਫੈਲਾਉਣਾ ਵੀ ਸ਼ਾਮਲ ਹੈ। ਸਮਾਗਮ ਵਿਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ ਦਾ ਸੁਨੇਹਾ ਪਾਸ਼ ਹੰਸ ਰਾਜ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਣ ਸਿੰਘ ਬੱਲ ਨੇ ਪੜ੍ਹ ਕੇ ਸੁਣਾਇਆ। ਸਮਾਗਮ ਨੂੰ ਤਰਕਸ਼ੀਲ ਸੁਸਾਇਟੀ ਦੇ ਆਗੂ ਸੁਖਵਿੰਦਰ ਬਾਗਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਭਾਜੀ ਦਾ ਲਿਖਿਆ ਨਾਟਕ ‘ਧਮਕ ਨਗਾਰੇ ਦੀ’ ਧਾਰੀਵਾਲ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਸਮਾਗਮ ਵਿਚ ਪਾਸ਼ ਦੀਆਂ ਦੋਵੇਂ ਭੈਣਾਂ ਪਰਮਿੰਦਰ ਕੌਰ ਗਿੱਲ ਤੇ ਰਜਿੰਦਰ ਕੌਰ ਉਚੇਚੇ ਤੌਰ ’ਤੇ ਸ਼ਾਮਲ ਹੋਈਆਂ।
ਇਹਨਾਂ ਤੋਂ ਇਲਾਵਾ ਰਤਨ ਪਾਲ ਮਹਿਮੀ, ਕੁਲਵੰਤ ਸਿੰਘ, ਭਗਵੰਤ ਸਿੰਘ, ਤਾਰੀ ਅਟਵਾਲ, ਭੈਣ ਸੁਰਿੰਦਰ ਕੁਮਾਰੀ ਕੋਛੜ, ਪ੍ਰੋਫੈਸਰ ਤਰਸੇਮ ਸਾਗਰ, ਪਿ੍ਰੰਸੀਪਲ ਮਨਜੀਤ ਸਿੰਘ ਮਲਸੀਆਂ, ਬਲਵੰਤ ਮਲਸੀਆਂ, ਬਿੱਟੂ ਰੂਪੇਵਾਲੀ, ਦੇਸ ਰਾਜ ਜੱਫਰਵਾਲ, ਸੁਖਜਿੰਦਰ ਲਾਲੀ ਮਲਸੀਆਂ ਆਦਿ ਸ਼ਾਮਲ ਸਨ। 

Related Articles

LEAVE A REPLY

Please enter your comment!
Please enter your name here

Latest Articles