ਲੋਕਾਂ ਦੇ ਘਰ ਤਬਾਹ ਕਰਨ ਵਾਲਿਆਂ ਨੂੰ ਬਖਸ਼ਾਂਗੇ ਨਹੀਂ : ਮਾਨ

0
149

ਚੰਡੀਗੜ੍ਹ (ਗੁਰਜੀਤ ਬਿੱਲਾ)-ਸੰਗਰੂਰ ’ਚ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੇ ਪਰਵਾਰਾਂ ਨਾਲ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕੀਤੀ ਅਤੇ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ। ਮਾਨ ਨੇ ਕਿਹਾ ਕਿ ਏ ਡੀ ਜੀ ਪੀ ਦੀ ਅਗਵਾਈ ਵਿੱਚ ਬਣਾਈ ਗਈ ਐਸ ਆਈ ਟੀ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਲੋਕਾਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਹੈ ਅਤੇ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਹੋਰ ਕਿੱਥੇ ਉਨ੍ਹਾਂ ਦੇ ਸੰਬੰਧ ਸਨ। ਜੇਕਰ ਇਨ੍ਹਾਂ ਦਾ ਕੋਈ ਗਰੋਹ ਜ਼ਹਿਰੀਲੀ ਸ਼ਰਾਬ ਵੇਚਦਾ ਹੈ ਤਾਂ ਉਸ ਨੂੰ ਵੀ ਫੜਿਆ ਜਾਵੇਗਾ। ਸਾਰਿਆਂ ਨੂੰ ਫੜ ਕੇ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਾਨੂੰਨ ਤਹਿਤ ਸਖਤ ਸਜ਼ਾ ਮਿਲ ਸਕੇ।ਉਨ੍ਹਾ ਪੀੜਤ ਪਰਵਾਰਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਸਾਰੇ ਤੁਹਾਡੇ ਨਾਲ ਹਾਂ। ਤੁਸੀਂ ਸਾਰੇ ਮੇਰੇ ਪਰਵਾਰ ਹੋ। ਪੰਜਾਬ ਦਾ ਮੁਖੀ ਹੋਣ ਦੇ ਨਾਤੇ ਮੈਂ ਪਰਵਾਰਾਂ ਦੀ ਦੇਖਭਾਲ ਕਰਾਂਗਾ। ਉਨ੍ਹਾ ਕਿਹਾ ਕਿ ਮੈਂ ਪਿੰਡ ਨਾਲ ਜੁੜਿਆ ਵਿਅਕਤੀ ਹਾਂ। ਮੈਂ ਪਿੰਡ ਵਿਚ ਰਿਹਾ ਹਾਂ। ਪਹਿਲਾਂ ਵਾਲੇ ਮੁੱਖ ਮੰਤਰੀ ਪਿੰਡ ਵਿੱਚ ਕਦੇ ਵੀ ਨਹੀਂ ਸਨ ਆਉਂਦੇ। ਉਹ ਆਪਣੇ ਮਹਿਲਾਂ ਦੇ ਦਰਵਾਜ਼ਿਆਂ ਨੂੰ ਅੰਦਰੋਂ ਤਾਲੇ ਲਗਾ ਲੈਂਦੇ ਸਨ। ਹੁਣ ਲੋਕਾਂ ਨੇ ਇਸ ਨੂੰ ਬਾਹਰੋਂ ਤਾਲਾ ਲਾ ਦਿੱਤਾ ਹੈ। ਮੌਕੇ ’ਤੇ ਮੌਜੂਦ ਕਈ ਮੁੰਡਿਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇੱਥੇ ਚਿੱਟਾ ਵੀ ਆਉਂਦਾ ਹੈ। ਇਸ ’ਤੇ ਉਨ੍ਹਾ ਕਿਹਾ ਕਿ ਕਿਰਪਾ ਕਰਕੇ ਸਾਨੂੰ ਲਿਖ ਕੇ ਸੂਚਿਤ ਕਰੋ ਕਿ ਇਹ ਕਿੱਥੇ ਅਤੇ ਕਿਸ ਸਮੇਂ ਆਉਂਦਾ ਹੈ, ਅਸੀਂ ਜਲਦੀ ਤੋਂ ਜਲਦੀ ਇਸ ’ਤੇ ਕਾਰਵਾਈ ਕਰਕੇ ਸਾਰਿਆਂ ਨੂੰ ਅੰਦਰ ਕਰਾਂਗੇ। ਲੋਕਾਂ ਦੇ ਘਰ ਤਬਾਹ ਕਰਨ ਵਾਲਿਆਂ ਨੂੰ ਨਹੀਂ ਬਖਸ਼ਾਂਗੇ।
ਪੀੜਤ ਪਰਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਹਾਲ ਹੀ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਮੌਤਾਂ ਹੋਈਆਂ ਹਨ। ਅੱਜ ਮੈਂ ਮੌਕੇ ’ਤੇ ਜਾ ਕੇ ਪੀੜਤ ਪਰਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਬੇਕਸੂਰ ਲੋਕਾਂ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਮੌਤਾਂ ਨਹੀਂ ਸਗੋਂ ਕਤਲ ਹਨ। ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here