ਜਲੰਧਰ : ‘ਪੰਜਾਬੀ ਪੱਤਰਕਾਰਤਾ ਦੇ ਪਿੜ ਅੰਦਰ ਸਿਰਮੌਰ ਸ਼ਖ਼ਸੀਅਤ, ਚਿੰਤਕ, ਲੇਖਕ, ਸਮਾਜ ਸੇਵੀ, ਲੁੱਟ, ਅਨਿਆਂ, ਵਿਤਕਰੇ, ਫ਼ਿਰਕਾਪ੍ਰਸਤੀ, ਫਾਸ਼ੀ ਦਹਿਸ਼ਤਗਰਦੀ, ਸਾਮਰਾਜੀ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਦੀ ਲੁੱਟ ਖਿਲਾਫ਼ ਲੋਕ ਲਹਿਰਾਂ ਅਤੇ ਸਮਾਜਕ ਤਬਦੀਲੀ ਦੇ ਸੰਗਰਾਮ ਦੇ ਝੰਡਾਬਰਦਾਰ ਸਨ ਜੰਗੀਰ ਸਿੰਘ ਜਗਤਾਰ ਬਰਨਾਲਾ। ਉਹਨਾਂ ਦੀ ਵਿਰਾਸਤ ਤੋਂ ਸਾਡੇ ਸਮਿਆਂ ਦੇ ਪੱਤਰਕਾਰਾਂ ਤੇ ਲੇਖਕਾਂ ਨੂੰ ਬਹੁਤ ਕੁਝ ਗ੍ਰਹਿਣ ਕਰਨ ਦੀ ਲੋੜ ਹੈ।’ ਇਹ ਸਾਂਝੇ ਸ਼ਬਦ ਸਨ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ ਸ਼ੋਕ ਸਭਾ ਵਿੱਚ ਬੋਲਣ ਵਾਲੇ ਬੁਲਾਰਿਆਂ ਦੇ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਮੰਗਲਵਾਰ ਹੋਈ ਸ਼ੋਕ ਸਭਾ ’ਚ ਵਿਛੜੇ ਨਾਮਵਰ ਪੱਤਰਕਾਰ ਜੰਗੀਰ ਸਿੰਘ ਜਗਤਾਰ ਨੂੰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ ਤੋਂ ਇਲਾਵਾ ਭਗਤ ਰਾਮ, ਸਾਬਕਾ ਅਧਿਆਪਕ ਆਗੂ ਪਰਮਜੀਤ ਗਾਂਧਰੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਉਹਨਾ ਦੀ ਜੀਵਨ ਗਾਥਾ ਤੋਂ ਸਬਕ ਗ੍ਰਹਿਣ ਕਰਨ ਦਾ ਅਹਿਦ ਲਿਆ। ਜੰਗੀਰ ਸਿੰਘ ਜਗਤਾਰ ਨੇ ਗ਼ਦਰੀ ਬਾਬਿਆਂ ਦੇ ਮੇਲੇ, ਬਰਨਾਲਾ ਵਿਖੇ ਗੁਰਸ਼ਰਨ ਸਿੰਘ ਦੀ ਯਾਦ ’ਚ ਇਨਕਲਾਬੀ ਰੰਗਮੰਚ ਦਿਹਾੜੇ, ਕਵੀ ਸੰਤ ਰਾਮ ਉਦਾਸੀ ਸਮਾਗਮ ਤੋਂ ਇਲਾਵਾ ਜਮਹੂਰੀ ਹੱਕਾਂ ਦੇ ਸਮਾਗਮਾਂ, ਅਰੁੰਧਤੀ ਰਾਏ ਅਤੇ ਵਰਵਰਾ ਰਾਓ ਦੀ ਆਮਦ ਮੌਕੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਸ਼ੋਕ ਸੁਨੇਹੇ ਰਾਹੀਂ ਜੰਗੀਰ ਸਿੰਘ ਜਗਤਾਰ ਨੂੰ ਸ਼ਰਧਾਂਜਲੀ ਭੇਟ ਕੀਤੀ।